ਅਬੋਹਰ, ਫਾਜ਼ਿਲਕਾ 20 ਮਈ 2024: ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਸਰਵ-ਪੱਖੀ ਕੀਟ ਪ੍ਰਬੰਧਨ ਸਬੰਧੀ ਕੇਂਦਰੀ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਸੈਂਟਰ, ਜਲੰਧਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਾਜ਼ਿਲਕਾ ਦੇ ਸਹਿਯੋਗ ਨਾਲ ਸਿਟਰਮ ਇਸਟੇਟ, ਅਬੋਹਰ ਵਿਖੇ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਵਿੱਚ ਫਾਜ਼ਿਲਕਾ, ਅਬੋਹਰ, ਖੂਈਆਂ ਸਰਵਰ ਅਤੇ ਜਲਾਲਾਬਾਦ ਦੇ 100 ਕਿਸਾਨਾਂ ਨੇ ਭਾਗ ਲਿਆ। ਸੀ.ਆਈ.ਪੀ.ਐਮ. ਸੈਂਟਰ ਜਲੰਧਰ ਦੇ ਅਸਿਸਟੈਟ ਡਾਇਰੈਕਟਰ ਡਾ. ਪੀ.ਸੀ. ਭਾਰਦਵਾਜ਼ ਵੱਲੋ ਨਰਮੇ (Cotton crops) ਤੇ ਗੁਲਾਬੀ ਸੁੰਡੀ ਦੀ ਮਾਨੀਟਰਿੰਗ ਸਬੰਧੀ ਐਨ.ਪੀ.ਐਸ.ਐਸ. ਐਪ ਬਾਰੇ ਜਾਣਕਾਰੀ ਦਿੱਤੀ ਗਈ। ਪੀ.ਏ.ਯੂ., ਲੁਧਿਆਣਾ ਦੇ ਖੇਤਰੀ ਖੋਜ ਕੇਂਦਰ, ਲੁਧਿਆਣਾ ਤੋਂ ਆਏ ਡਾ. ਸੁਨੇਣਾ ਪੂਣੀਆਂ ਪਲਾਂਟ ਬਰੀਡਰ ਵੱਲੋ ਨਰਮੇ ਦੀਆਂ ਵੱਖ-ਵੱਖ ਕਿਸਮਾਂ ਬਾਰੇ ਦੱਸਿਆ ਗਿਆ ਅਤੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋ ਮੰਜੁਰਸੁਦਾ ਕਿਸਮਾਂ ਬੀਜਣ ਦੀ ਸਲਾਹ ਦਿੱਤੀ।
ਡਾ. ਮਨਪ੍ਰੀਤ ਸਿੰਘ, ਐਗਰੋਨੋਮਿਸਟ ਵੱਲੋ ਨਰਮੇ ਦੀ ਫਸਲ ਤੇ ਸਤੁੰਲਿਤ ਖਾਦਾਂ ਦੀ ਵਰਤੋਂ ਬਾਰੇ ਚਾਨਣਾ ਪਾਇਆ ਗਿਆ। ਡਾ. ਜਗਦੀਸ਼ ਅਰੋੜਾ, ਡਿਸਟ੍ਰਿਕਟ ਐਕਸਟੈਨਸ਼ਨ ਸਪੈਸ਼ਲਿਸਟ ਨੇ ਨਰਮੇ ਦੀ ਫਸਲ ਦੇ ਵੱਖ-ਵੱਖ ਕੀੜੇ-ਮਕੌੜੇ ਅਤੇ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਪਏ ਛਟੀਆਂ ਦੇ ਢੇਰਾਂ ਸਬੰਧੀ ਕਿਹਾ ਕਿ ਇਹ ਢੇਰ ਖੇਤ ਵਿੱਚ ਹੀ ਉਲਟ-ਪੁਲਟ ਕਰ ਦਿੱਤੇ ਜਾਣ ਤਾਂ ਜ਼ੋ ਗੁਲਾਬੀ ਸੁੰਡੀ ਦੇ ਪਤੰਗੇ ਦੀ ਜ਼ਿਆਦਾ ਤਾਪਮਾਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਟੋਮੈਟਿਕ ਸੁਸਾਈਡਲ ਡੈਥ ਹੋ ਜਾਵੇ।
ਸੀ.ਆਈ.ਪੀ.ਐਮ. ਸੈਂਟਰ ਦੇ ਏ.ਪੀ.ਪੀ.ਓ. ਡਾ. ਚੰਦਰਭਾਨ ਦੁਆਰਾ ਕਿਸਾਨਾਂ ਨੂੰ ਐਨ.ਪੀ.ਐਸ.ਐਸ. ਐਪ ਚਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਟਰੇਨਿੰਗ ਲੈਣ ਵਾਲੇ ਹਰੇਕ ਕਿਸਾਨ ਨੂੰ ਪੰਜ-ਪੰਜ ਫਿਰੋਮੋਨ ਟਰੈਪ ਦਿੱਤੇ ਜਾਣਗੇ, ਜੋ ਕਿ ਕਿਸਾਨ ਵੱਲੋ ਆਪਣੇ ਖੇਤ ਵਿੱਚ ਪੰਜ ਥਾਵਾਂ ‘ਤੇ ਲਗਾਏ ਜਾਣਗੇ ਅਤੇ ਫਿਰੋਮੋਨ ਟਰੈਪ ਤੋਂ ਖੇਤ ਵਿੱਚ ਕੀੜੇ ਦੀ ਮੌਜੂਦਗੀ ਦੇ ਲੈਵਲ ਬਾਰੇ ਜਾਣਕਾਰੀ ਮਿਲੇਗੀ, ਜਿਸਦੇ ਅਧਾਰ ਤੇ ਗੁਲਾਬੀ ਸੁੰਡੀ ਦੀ ਰੌਕਥਾਮ ਸਬੰਧੀ ਕਿਸਾਨਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਜਾਵੇਗੀ।
ਡਾ. ਚੇਤਨ ਦੁਆਰਾ ਖੇਤ ਵਿੱਚ ਫਿਰੋਮੋਨ ਟਰੈਪ ਲਗਾਉਣ ਦੀ ਵਿੱਧੀ ਸਮਝਾਈ ਗਈ। ਡਿਪਟੀ ਡਾਇਰੈਕਟਰ ਕਾਟਨ, ਸ੍ਰੀ ਮੁਕਤਸਰ ਸਾਹਿਬ, ਧਰਮਪਾਲ ਮੌਰਿਆ ਵੱਲੋ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਗੁਲਾਬੀ ਸੁੰਡੀ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਸਾਰੀਆਂ ਜਿਨਿੰਗ ਫੈਕਟਰੀਆਂ ਦੀ ਫਿਊਮੀਗੇਸ਼ਨ ਕਰਵਾ ਦਿੱਤੀ ਗਈ ਹੈ ਅਤੇ ਨਹਿਰੀ ਪਾਣੀ ਵੀ ਟੇਲਾਂ ਤੱਕ ਮੁਹੱਈਆ ਕਰਵਾਇਆ ਗਿਆ ਹੈ।
ਉਹਨਾਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਨਰਮੇ (Cotton crops) ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਵੱਲੋ ਸੀ.ਆਈ.ਪੀ.ਐਮ. ਸੈਂਟਰ, ਜਲੰਧਰ ਦੀ ਸਾਰੀ ਟੀਮ, ਖੇਤਰੀ ਖੋਜ ਕੇਂਦਰ, ਅਬੋਹਰ ਦੀ ਸਮੁੱਚੀ ਟੀਮ ਅਤੇ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ।ਸਟੇਜ਼ ਦਾ ਸੰਚਾਲਨ, ਰਜਿੰਦਰ ਕੁਮਾਰ ਵਰਮਾ, ਖੇਤੀਬਾੜੀ ਵਿਕਾਸ ਅਫਸਰ, ਅਬੋਹਰ ਦੁਆਰਾ ਕੀਤਾ ਗਿਆ।
ਇਸ ਮੌਕੇ ਸੁੰਦਰ ਲਾਲ, ਸਹਾਇਕ ਪੌਦਾ ਸੁਰੱਖਿਆ ਅਫਸਰ, ਅਬੋਹਰ, ਸ੍ਰੀਮਤੀ ਮਮਤਾ, ਖੇਤੀਬਾੜੀ ਅਫਸਰ(ਹ:ਕ), ਫਾਜ਼ਿਲਕਾ, ਅਸ਼ੀਸ਼ ਸ਼ਰਮਾ, ਖੇਤੀਬਾੜੀ ਵਿਕਾਸ ਅਫਸਰ(ਟੀ.ਏ.), ਫਾਜਿਲਕਾ, ਅਜੈਪਾਲ, ਖੇਤੀਬਾੜੀ ਵਿਕਾਸ ਅਫਸਰ, ਖੂਈਆ ਸਰਵਰ, ਸ਼ੀਸ਼ਪਾਲ ਗੋਦਾਰਾ, ਖੇਤੀਬਾੜੀ ਵਿਕਾਸ ਅਫਸਰ(ਪੀ.ਪੀ.), ਅਬੋਹਰ, ਹਰੀਸ਼ ਕੁਮਾਰ, ਖੇਤੀਬਾੜੀ ਵਿਕਾਸ ਅਫਸਰ(ਜ਼ਿਲ੍ਹਾ-ਕਮ), ਫਾਜ਼ਿਲਕਾ, ਦਿਆਲ ਚੰਦ, ਖੇਤੀਬਾੜੀ ਐਕਸਟੈਂਸ਼ਨ ਅਫਸਰ, ਅਬੋਹਰ ਅਤੇ ਅਜੈ ਸ਼ਰਮਾ, ਖੇਤੀਬਾੜੀ ਉਪ-ਨਿਰੀਖਕ, ਫਾਜ਼ਿਲਕਾ ਵੀ ਹਾਜ਼ਰ ਸਨ।