Voter

ਬਲਾਕ ਪੱਧਰੀ ਖੇਡਾਂ ਡੇਰਾਬੱਸੀ-2 ‘ਚ ਡੀਈਓ ਐਲੀਮੈਂਟਰੀ ਵੱਲੋਂ ਜੇਤੂ ਖਿਡਾਰੀਆਂ ਨੂੰ ਕੀਤੇ ਇਨਾਮ ਤਕਸੀਮ

ਲਾਲੜੂ, 20 ਅਕਤੂਬਰ 2023: ਪੰਜਾਬ ਸਰਕਾਰ ਦੀ ਖੇਡ ਪਾਲਿਸੀ ਤਹਿਤ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਖੇਡ ਕਲੰਡਰ ਅਨੁਸਾਰ ਅੱਜ ਇੱਥੇ ਨੇੜਲੇ ਪਿੰਡ ਧਰਮਗੜ੍ਹ ਵਿਖੇ ਸਿੱਖਿਆ ਬਲਾਕ ਡੇਰਾਬੱਸੀ-2 ਦਾ ਤਿੰਨ ਰੋਜ਼ਾ ਪ੍ਰਾਇਮਰੀ ਸਕੂਲ ਖੇਡ ਟੂਰਨਾਮੈਂਟ ਸੰਪੰਨ ਹੋਇਆ।

ਜਾਣਕਾਰੀ ਦਿੰਦਿਆਂ ਬੀਪੀਈਓ ਡੇਰਾਬੱਸੀ ਜਸਵੀਰ ਕੌਰ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਪਹਿਲੇ ਦਿਨ ਰੱਸਾਕਸ਼ੀ,ਸ਼ਤਰੰਜ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਖੋ ਖੋ,ਕਬੱਡੀ (ਨੈਸ਼ਨਲ ਅਤੇ ਸਰਕਲ),ਯੋਗਾ,ਹੈਂਡ ਬਾਲ,ਫੁੱਟਬਾਲ, ਕੁਸ਼ਤੀ ਅਤੇ ਹਾਕੀ ਦੇ ਮੁਕਾਬਲੇ ਕਰਵਾਏ ਗਏ ਅਤੇ ਅੱਜ ਆਖ਼ਰੀ ਦਿਨ ਸਾਰੀਆਂ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਅੱਜ ਉਚੇਚੇ ਤੌਰ ਤੇ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਵੱਲੋਂ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਗਿਆ ਅਤੇ ਉਹਨਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

ਉਹਨਾਂ ਵੱਲੋਂ ਸਮੂਹ ਹਾਜ਼ਰੀਨ ਅਧਿਆਪਕਾਂ ਨੂੰ ਬੱਚਿਆਂ ਦੁਆਰਾ ਕਰਵਾਈ ਮਿਹਨਤ ਲਈ ਵਧਾਈ ਦਿੱਤੀ। ਇਸੇ ਤਰ੍ਹਾਂ ਕੱਲ੍ਹ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਵੱਲੋਂ ਵੀ ਪਹੁੰਚ ਕੇ ਖਿਡਾਰੀਆਂ ਅਤੇ ਅਧਿਆਪਕਾਂ ਦਾ ਹੌਸਲਾ ਵਧਾਇਆ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ। ਇਸ ਮੌਕੇ ਸੇਵਾ ਮੁਕਤ ਸਿਵਲ ਸਰਜਨ ਮੋਹਾਲੀ ਡਾ: ਦਲੇਰ ਸਿੰਘ ਮੁਲਤਾਨੀ ਅਤੇ ਨਿਸ਼ਚੈ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਗੁਰਪ੍ਰੀਤ ਸਿੰਘ ਦੁਆਰਾ ਖਿਡਾਰੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਅਤੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਗਿਆ।

ਬੀਪੀਈਓ ਜਸਵੀਰ ਕੌਰ ਵੱਲੋਂ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਖੇਡਾਂ ਵਿੱਚ ਸ਼ਿਰਕਤ ਕਰਨ ਤੇ ਧੰਨਵਾਦ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਅੱਠ ਕਲੱਸਟਰਾਂ ਦੇ ਲੱਗਭੱਗ 300 ਤੋਂ ਵੀ ਵੱਧ ਬੱਚਿਆਂ ਨੇ ਖੇਡਾਂ ਵਿੱਚ ਭਾਗ ਲਿਆ, ਜਿਹਨਾਂ ਦੇ ਨਤੀਜੇ ਖੋ-ਖੋ, (ਮੁੰਡੇ ਅਤੇ ਕੁੜੀਆਂ), ਕਬੱਡੀ ਮੁੰਡੇ ਅਤੇ ਕੁੜੀਆਂ ਵਿੱਚ ਲਾਲੜੂ ਮੰਡੀ ਅਤੇ ਲਾਲੜੂ ਪਿੰਡ ਦੇ ਖਿਡਾਰੀਆਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਸੱਭ ਤੋਂ ਵੱਧ ਤਮਗੇ ਕਲੱਸਟਰ ਲਾਲੜੂ ਮੰਡੀ ਨੇ ਜਿੱਤ ਕੇ ਆਲ ਓਵਰ ਟਰਾਫ਼ੀ ਜਿੱਤੀ।

ਜ਼ਿਲ੍ਹਾ ਖੇਡ ਕੋਆਰਡੀਨੇਟਰ ਹਰਪ੍ਰੀਤ ਸਿੰਘ ਸੋਢੀ ਵੱਲੋਂ ਵੀ ਮੈਦਾਨ ਵਿੱਚ ਬੱਚਿਆਂ ਨੂੰ ਕਬੱਡੀ ਦੀ ਖੇਡ ਦੇ ਗੁਰ ਸਿਖਾਏ ਗਏ। ਇਹਨਾਂ ਖੇਡਾਂ ਵਿੱਚ ਪ੍ਰਬੰਧਕੀ ਟੀਮ ਵਿੱਚ ਸੀਐਚਟੀ ਸੁਰੇਸ਼ ਕੁਮਾਰ,ਹਰਿੰਦਰ ਸਿੰਘ,ਰਾਜੇਸ਼ ਕੁਮਾਰ,ਮੇਵਾ ਸਿੰਘ ਭੱਟੀ,ਗਗਨ ਮੋਂਗਾ,ਹਰਮਿੰਦਰ ਸਿੰਘ ਅਤੇ ਗੁਰਮੀਤ ਸਿੰਘ,ਗਰਾਉਂਡ ਮੈਚ ਰੈਫਰੀ ਦੇਵ ਕਰਨ ਸਿੰਘ,ਲਿਆਕਤ ਅਲੀ, ਗੁਰਧਿਆਨ ਸਿੰਘ,ਸ਼ਮਸ਼ੇਰ ਸਿੰਘ, ਗਿਆਨਦੀਪ ਸਿੰਘ ਅਤੇ ਸਟੇਜ ਸੰਚਾਲਕ ਗੁਰਪ੍ਰੀਤ ਸਿੰਘ,ਪਰਮਿੰਦਰ ਕੌਰ, ਗਗਨਦੀਪ ਖੁਰਾਣਾ,ਬਲਾਕ ਖੇਡ ਅਫ਼ਸਰ ਜਸਵਿੰਦਰ ਸਿੰਘ ਅਤੇ ਦਵਿੰਦਰ ਕੁਮਾਰ ਅਤੇ ਹੋਰ ਅਧਿਆਪਕ ਮੋਜੂਦ ਸਨ‌‌।

Scroll to Top