ਐਸ.ਏ.ਐਸ.ਨਗਰ, 26 ਅਕਤੂਬਰ 2023: ਪੰਜਾਬ ਸਰਕਾਰ ਦੀ “ਸਿੱਖਿਆ ਕ੍ਰਾਂਤੀ” ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਸਿੱਖਿਆ ਦੇ ਪ੍ਰੋਜੈਕਟ “ਮਿਸ਼ਨ ਸਮਰਥ” ਦੇ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਿੰਦਰ ਕੌਰ ਵੱਲੋਂ ਬਲਾਕ ਖਰੜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਦੌਰਾ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਸਮੱਰਥ ਪ੍ਰੋਗਰਾਮ ਮਿਤੀ 21 ਅਕਤੂਬਰ ਤੋਂ 24 ਦਸੰਬਰ ਤੱਕ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਜਮਾਤ ਤੀਜੀ ਚੌਥੀ ਅਤੇ ਪੰਜਵੀਂ ਦੇ ਪੜ੍ਹਾਈ ਤੋਂ ਪਿਛੜੇ ਬੱਚਿਆਂ ਨੂੰ ਪੰਜਾਬੀ ਗਣਿਤ ਅਤੇ ਅੰਗਰੇਜ਼ੀ ਵਿੱਚ ਮੁੱਢਲੇ ਸੰਕਲਪਾਂ ਵਿੱਚ ਪਰਿਪੱਕ ਹੋਣ ਲਈ ਚੱਲ ਰਿਹਾ ਹੈ।
ਇਸੇ ਨੂੰ ਦੇਖਣ ਲਈ ਉਹਨਾਂ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਬਠਲਾਣਾ, ਅਤੇ ਪ੍ਰਾਇਮਰੀ ਸਕੂਲ ਨਗਾਰੀ ਵਿਖੇ ਵਿਜ਼ਟ ਕੀਤਾ ਗਿਆ ਅਤੇ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਜਾਂਚਿਆ ਅਤੇ ਦੇਖਿਆ ਗਿਆ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪ੍ਰੋਜੈਕਟ ਦੀਆਂ ਹਦਾਇਤਾਂ ਅਨੁਸਾਰ ਪੜ੍ਹਾਈ ਕਰਵਾਈ ਜਾ ਰਹੀ। ਉਹਨਾਂ ਦੱਸਿਆ ਕਿ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਕੌਰ ਵੱਲੋਂ ਵੀ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 9 ਅਤੇ 10 ਮੋਹਾਲੀ ਦਾ ਦੌਰਾ ਕੀਤਾ ਗਿਆ ਅਤੇ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਜਾਂਚਿਆ ਗਿਆ।