Warrior Moms

ਅੰਤਰਰਾਸ਼ਟਰੀ ਸੰਸਥਾ ਵਾਰੀਅਰ ਮੋਮਜ਼ ਵਲੋਂ ਬੱਚਿਆਂ ਲਈ ਸ਼ੁੱਧ ਹਵਾ, ਸਾਫ਼ ਪਾਣੀ ਅਤੇ ਜਲਵਾਯੂ ਨਿਆਂ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ

ਲੁਧਿਆਣਾ, 13 ਮਈ 2023: ਵਾਰੀਅਰ ਮੋਮਜ਼ (Warrior Moms) ਜੋ ਕਿ ਮਾਵਾਂ ਦੀ ਇੱਕ ਅੰਤਰਰਾਸ਼ਟਰੀ ਸੰਸਥਾ ਹੈ, ਜਿਸ ਨੇ ਅੱਜ ਇੱਥੇ ਆਰਤੀ ਚੌਂਕ ਵਿੱਚ ਬੱਚਿਆਂ ਲਈ ਸ਼ੁੱਧ ਹਵਾ, ਸਾਫ਼ ਪਾਣੀ ਅਤੇ ਜਲਵਾਯੂ ਨਿਆਂ ਦੀ ਮੰਗ ਨੂੰ ਲੈ ਕੇ ਇੱਕ ਮੁਜ਼ਾਹਰਾ ਕੀਤਾ। ਸਰਕਾਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਹਨਾਂ ਮੁੱਦਿਆਂ ‘ਤੇ ਤੁਰੰਤ ਕਾਰਵਾਈ ਕਰਨ ਲਈ ਦਬਾਅ ਪਾਉਣ ਲਈ ਦੁਨੀਆ ਭਰ ਦੇ ਕਈ ਸ਼ਹਿਰਾਂ ਵਿੱਚ ਅੱਜ ਇਸੇ ਤਰ੍ਹਾਂ ਦੇ ਸਮਾਗਮ ਕੀਤੇ ਗਏ।

ਲੁਧਿਆਣਾ ਵਿਖੇ ਹੋਏ ਸਮਾਗਮ ਬਾਰੇ ਗੱਲਬਾਤ ਕਰਦਿਆਂ ਪ੍ਰਬੰਧਕਾਂ ਵਿੱਚੋਂ ਇੱਕ ਸਮਿਤਾ ਕੌਰ ਨੇ ਕਿਹਾ, “ਵਾਰੀਅਰ ਮਾਮਜ਼ ਵਾਤਾਵਰਨ ਨੂੰ ਬਚਾਉਣ ਲਈ ਮਾਵਾਂ ਵੱਲੋਂ ਸ਼ੁਰੂ ਕੀਤੀ ਗਈ ਸੰਸਥਾ ਹੈ ਕਿਉਂਕਿ ਸਿਆਸਤਦਾਨ ਇਸ ਨੂੰ ਬਚਾਉਣ ਲਈ ਫੇਲ੍ਹ ਰਹੇ ਹਨ। ਉਹ ਅਗਲੀਆਂ ਚੋਣਾਂ ਤੋਂ ਅੱਗੇ ਸੋਚਣ ਵਿੱਚ ਅਸਮਰੱਥ ਹਨ ਜਦੋਂ ਕਿ ਸਾਨੂੰ ਮਾਵਾਂ ਵਜੋਂ ਅਗਲੀ ਪੀੜ੍ਹੀ ਦੀ ਚਿੰਤਾ ਕਰਨੀ ਪੈਂਦੀ ਹੈ। ਸਰਕਾਰ ਦੀਆਂ ਨੀਤੀਆਂ ਵਾਤਾਵਰਨ ‘ਤੇ ਵੱਡਾ ਪ੍ਰਭਾਵ ਪਾਉਂਦੀਆਂ ਹਨ ਜਿਸ ਨਾਲ ਸਾਡੇ ਬੱਚਿਆਂ ਦੀ ਸਿਹਤ ‘ਤੇ ਵੀ ਬਹੁਤ ਅਸਰ ਪੈਂਦਾ ਹੈ। ਅਸੀਂ ਹੁਣ ਨੀਤੀਆਂ ਨੂੰ ਸਿਆਸਤਦਾਨਾਂ ਅਤੇ ਉਦਯੋਗਪਤੀਆਂ ‘ਤੇ ਨਹੀਂ ਛੱਡ ਸਕਦੇ ਜੋ ਆਪਸ ਵਿੱਚ ਹੀ ਬੈਠ ਕੇ ਨੀਤੀ ਤੈਅ ਕਰ ਲੈਂਦੇ ਹਨ ਅਤੇ ਬਾਕੀ ਸਭ੍ਹ ਦੀ ਅਣਦੇਖੀ ਕਰਕੇ ਸਵਾਰਥੀ ਨੀਤੀਆਂ ਘੜਦੇ ਹਨ।”

ਡਾ. ਬਲਜੀਤ ਕੌਰ ਜੋ ਕਿ ਲੁਧਿਆਣਾ ਤੋਂ ਮਨੋਵਿਗਿਆਨੀ ਹਨ, ਨੇ ਕਿਹਾ, “ਸਾਡੇ ਵਾਤਾਵਰਣ ਸੰਬੰਧੀ ਕਾਨੂੰਨਾਂ ਦੀ ਪਾਲਣਾ ਨਾਲੋਂ ਉਲੰਘਣਾ ਕਿਤੇ ਵਧੇਰੇ ਕੀਤੀ ਜਾਂਦੀ ਹੈ। ਜਲ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਕਨੂੰਨ, 1974 ਇੱਕ ਸ਼ਾਨਦਾਰ ਉਦਾਹਰਣ ਹੈ। ਇਹ ਕਨੂੰਨ ਭਾਰਤੀ ਸੰਸਦ ਵੱਲੋਂ ਪਾਸ ਕੀਤਾ ਗਿਆ ਸੀ। ਪੰਜਾਹ ਸਾਲ ਪਹਿਲਾਂ ਇਸ ਕਨੂੰਨ ਰਾਹੀਂ ਪਾਰਲੀਮੈਂਟ ਨੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ।

ਦਹਾਕਿਆਂ ਤੋਂ ਸਤਲੁਜ ਨੂੰ ਪ੍ਰਦੂਸ਼ਿਤ ਕਰਨ ਵਾਲੇ ਜ਼ਹਿਰੀਲੇ ਬੁੱਢੇ ਦਰਿਆ ਦੇ ਬਾਵਜੂਦ ਅਸੀਂ ਪੰਜਾਬ ਦੇ ਕਿਸੇ ਵੀ ਅਜਿਹੇ ਕੇਸ ਬਾਰੇ ਨਹੀਂ ਸੁਣਿਆ, ਜਿਸ ਵਿਚ ਇਸ ਕਨੂੰਨ ਤਹਿਤ ਮੁਕੱਦਮਾ ਚਲਾਇਆ ਗਿਆ ਹੋਵੇ। ਪ੍ਰਦੂਸ਼ਣ ਬੋਰਡ ਕੋਲ ਪੂਰੇ ਪੰਜਾਬ ਵਿੱਚ ਆਪਣੇ ਸਾਰੇ ਕੇਸ ਲੜਨ ਲਈ ਇੱਕ ਹੀ ਵਕੀਲ ਹੈ ਅਤੇ ਉਹ ਵੀ ਇੱਕ ਸੇਵਾਮੁਕਤ ਵਿਅਕਤੀ। ਇੰਜ ਅਸੀਂ ਵਾਤਾਵਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਬਚਾਅ ਸਕਦੇ। ਅਸੀਂ ਆਪਣੇ ਰਾਜ ਵਿੱਚ ਵਾਤਾਵਰਨ ਕਾਨੂੰਨਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੀ ਮੰਗ ਕਰਦੇ ਹਾਂ।”

ਸ਼੍ਰੀਮਤੀ ਰਿਤੂ ਮਲਹਨ ਨੇ ਕਿਹਾ, “ਜਲਵਾਯੂ ਨਿਆਂ ਬਾਰੇ ਗੱਲ ਕਰਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਗਰੀਬ ਲੋਕ ਅਤੇ ਬੱਚੇ ਇਸ ਬੇਇਨਸਾਫੀ ਦੀ ਸਭ ਤੋਂ ਵੱਧ ਮਾਰ ਝੱਲਦੇ ਹਨ। ਹਾਲ ਹੀ ਵਿੱਚ ਗਿਆਸਪੁਰਾ ਵਿੱਚ ਜ਼ਹਿਰੀਲੀਆਂ ਗੈਸਾਂ ਨਾਲ ਤਿੰਨ ਬੱਚਿਆਂ ਸਮੇਤ ਗਿਆਰਾਂ ਗਰੀਬ ਲੋਕਾਂ ਦੀ ਜਾਨ ਚਲੀ ਗਈ। ਉਸ ਅਪਰਾਧ ਵਿੱਚ ਹਾਲੇ ਕਿਸੇ ਦੀ ਜਵਾਬਦੇਹੀ ਤਹਿ ਨਹੀਂ ਹੋਈ।

ਅਮੀਰ ਅਤੇ ਤਾਕਤਵਰ ਆਪਣਾ ਉਦਯੋਗਿਕ ਰਹਿੰਦ-ਖੂੰਹਦ ਸੀਵਰਾਂ ਅਤੇ ਦਰਿਆਵਾਂ ਵਿੱਚ ਸੁੱਟ ਕੇ ਪੈਸਾ ਕਮਾਉਂਦੇ ਹਨ ਅਤੇ ਗਰੀਬ ਲੋਕ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈ ਕੇ ਜਾਂ ਪ੍ਰਦੂਸ਼ਿਤ ਪਾਣੀ ਪੀ ਕੇ ਆਪਣੀ ਜਾਨ ਗਵਾਉਂਦੇ ਹਨ। ਇਸ ਵਰਤਾਰੇ ਨੂੰ ਤੁਰੰਤ ਬੰਦ ਕਰਨ ਦੀ ਲੋੜ ਹੈ ਅਤੇ ਕਨੂੰਨ ਨੂੰ ਲੋਕਾਂ ਦੇ ਹਿਤ ਵਿੱਚ ਲਾਗੂ ਕਰਾਉਣ ਦੀ ਲੋੜ ਹੈ ਜਿਸ ਦੀ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ”

Scroll to Top