ਚੰਡੀਗੜ੍ਹ, 23 ਫਰਵਰੀ 2023: ਪੰਜਾਬ ਵਿਚ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਦੇ ਕਰੀਬੀ ਤੂਫਾਨ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਸੜਕਾਂ ‘ਤੇ ਉਤਰ ਆਏ ਹਨ। ਅੰਮ੍ਰਿਤਪਾਲ ਨੇ ਵੀਰਵਾਰ ਸਵੇਰੇ 11 ਵਜੇ ਆਪਣੇ ਸਮਰਥਕਾਂ ਨੂੰ ਅਜਨਾਲਾ ਪਹੁੰਚਣ ਲਈ ਕਿਹਾ ਸੀ। ਇਸ ਤੋਂ ਬਾਅਦ ਇੱਥੇ ਭੀੜ ਇਕੱਠੀ ਹੋ ਗਈ | ਇਸ ਦੌਰਾਨ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ ਅਜਨਾਲਾ ਪਹੁੰਚ ਗਏ ਹਨ |
ਇੱਥੇ ਪੁਲਿਸ ਵਲੋਂ ਬੈਰੀਕੇਡ ਲਗਾਏ ਗਏ ਸਨ, ਜੋ ਕਿ ਸੰਗਤਾਂ ਵਲੋਂ ਪੁੱਟ ਦਿੱਤੇ ਗਏ ਹਨ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਕੱਲ੍ਹ ਹੀ ਐਲਾਨ ਕੀਤਾ ਸੀ ਕਿ ਜੇਕਰ ਸਿੰਘਾਂ ਖ਼ਿਲਾਫ਼ ਦਰਜ ਐਫ਼.ਆਰ.ਆਈ. ਰੱਦ ਨਹੀਂ ਕੀਤੀਆਂ ਜਾਂਦੀਆਂ ਤਾਂ ਉਹ ਗ੍ਰਿਫਤਾਰੀ ਦੇਣਗੇ। ਇਸ ਦੌਰਾਨ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਪੁਲਿਸ ਵੀ ਸਰਗਰਮ ਹੋ ਗਈ | ਇਸ ਦੌਰਾਨ ਪੁਲਿਸ ਅਤੇ ਕਈ ਸਮਰਥਕਾਂ ਵਿੱਚ ਧੱਕਾ-ਮੁੱਕੀ ਵੀ ਹੋਈ |
ਜਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਚ ਅੰਮ੍ਰਿਤਪਾਲ ਸਿੰਘ(Amritpal Singh), ਉਸ ਦੇ ਸਾਥੀ ਤੂਫਾਨ ਸਿੰਘ ਸਮੇਤ ਕੁੱਲ 30 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਅੰਮ੍ਰਿਤਪਾਲ ਖ਼ਿਲਾਫ਼ ਟਿੱਪਣੀ ਕਰਨ ਵਾਲੇ ਨੌਜਵਾਨ ਨੂੰ ਅਗਵਾ ਕਰਨ ਤੋਂ ਬਾਅਦ ਇਨ੍ਹਾਂ ਉਨ੍ਹਾਂ ਵਲੋਂ ਨੌਜਵਾਨ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤੂਫਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਕਾਰਨ ਅੰਮ੍ਰਿਤਪਾਲ ਸਿੰਘ ਨੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਧਰਨਾ ਦਿੰਦੇ ਹੋਏ ਗ੍ਰਿਫਤਾਰੀ ਦਾ ਐਲਾਨ ਕਰ ਦਿੱਤਾ ਸੀ ।