ਚੰਡੀਗੜ੍ਹ, 9 ਜਨਵਰੀ 2024: ਮਾਲਦੀਵ ਸਰਕਾਰ ਦੇ ਸਾਬਕਾ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਮਾਮਲਾ ਇੰਨਾ ਵੱਧ ਗਿਆ ਹੈ ਕਿ ਰਾਸ਼ਟਰਪਤੀ ਮੁਹੰਮਦ ਮੁਈਜ਼ੂ (Muhammad Muizzu) ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਉੱਠਣ ਲੱਗੀ ਹੈ। ਮਾਲਦੀਵ ਦੇ ਇਕ ਸੰਸਦ ਮੈਂਬਰ ਨੇ ਇਹ ਮੰਗ ਕੀਤੀ ਹੈ। ਮਾਲਦੀਵ ਦੇ ਕਈ ਹੋਰ ਪ੍ਰਮੁੱਖ ਆਗੂਆਂ ਨੇ ਵੀ ਭਾਰਤ ਵਿਰੋਧੀ ਰੁਖ ਲਈ ਆਪਣੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ । ਜਿਕਰਯੋਗ ਹੈ ਕਿ ਮਾਲਦੀਵ ਸਰਕਾਰ ਨੇ ਪੀਐਮ ਮੋਦੀ ਦੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਮੰਤਰੀਆਂ ਨੂੰ ਹਟਾ ਦਿੱਤਾ ਹੈ ਪਰ ਮਾਮਲਾ ਅਜੇ ਵੀ ਸ਼ਾਂਤ ਨਹੀਂ ਹੋ ਰਿਹਾ ਹੈ।
ਮਾਲਦੀਵ ਦੀ ਪਾਰਟੀ ਦ ਡੈਮੋਕਰੇਟਸ ਦੇ ਮੈਂਬਰ ਅਲੀ ਅਜ਼ੀਮ ਨੇ ਮੰਗ ਕੀਤੀ ਹੈ ਕਿ ਰਾਸ਼ਟਰਪਤੀ ਮੁਹੰਮਦ ਮੁਈਜ਼ੂ (Muhammad Muizzu) ਨੂੰ ਸੱਤਾ ਤੋਂ ਹਟਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਅਲੀ ਅਜ਼ੀਮ ਨੇ ਮਾਲਦੀਵ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਐਮਡੀਪੀ ਤੋਂ ਮੁਹੰਮਦ ਮੁਈਜ਼ੂ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਮੰਗ ਕੀਤੀ ਹੈ। ਇਕ ਹੋਰ ਆਗੂਆਂ ਨੇ ਵੀ ਮਾਲਦੀਵ ਦੇ ਵਿਦੇਸ਼ ਮੰਤਰੀ ਨੂੰ ਸੰਮਨ ਭੇਜ ਕੇ ਸੰਸਦ ‘ਚ ਬੁਲਾਉਣ ਦੀ ਮੰਗ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਪੀਐੱਮ ਮੋਦੀ ਖਿਲਾਫ ਟਿੱਪਣੀ ਦੇ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ।
ਮਾਲਦੀਵ ਦੀ ਸਾਬਕਾ ਰੱਖਿਆ ਮੰਤਰੀ ਅਤੇ ਵਿਰੋਧੀ ਪਾਰਟੀ ਐਮਡੀਪੀ ਦੀ ਆਗੂ ਮਾਰੀਆ ਅਹਿਮਦ ਦੀਦੀ ਨੇ ਵੀ ਸੱਤਾਧਾਰੀ ਪਾਰਟੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ‘ਭਾਰਤ ਮਾਲਦੀਵ ਦਾ ਅਜ਼ਮਾਇਆ ਅਤੇ ਪਰਖਿਆ ਗਿਆ ਮਿੱਤਰ ਹੈ ਅਤੇ ਸੰਕਟ ਦੇ ਸਮੇਂ, ਇਹ ਭਾਰਤ ਹੀ ਹੈ ਜੋ ਸਭ ਤੋਂ ਪਹਿਲਾਂ ਮਾਲਦੀਵ ਦੀ ਮੱਦਦ ਲਈ ਆਉਂਦਾ ਹੈ।’ ਉਨ੍ਹਾਂ ਕਿਹਾ, ‘ਸਾਡੀ ਹਮੇਸ਼ਾ ਇੰਡੀਆ ਫਸਟ ਦੀ ਨੀਤੀ ਰਹੀ ਹੈ ਪਰ ਮੌਜੂਦਾ ਸਰਕਾਰ ਭਾਰਤ ਨਾਲ ਮਾਲਦੀਵ ਦੇ ਸਬੰਧਾਂ ਨੂੰ ਵਿਗਾੜ ਰਹੀ ਹੈ।’ ਉਨ੍ਹਾਂ ਕਿਹਾ ਕਿ ‘2004 ਦੀ ਕੋਰੋਨਾ ਮਹਾਮਾਰੀ ਅਤੇ ਸੁਨਾਮੀ ਦੌਰਾਨ ਮਾਲਦੀਵ ਦੀ ਮੱਦ ਕਰਨ ਵਾਲਾ ਭਾਰਤ ਸਭ ਤੋਂ ਪਹਿਲਾਂ ਸੀ।’
ਦਰਅਸਲ ਮਰੀਅਮ ਸ਼ਿਊਨਾ, ਮਾਲਸ਼ਾ ਅਤੇ ਹਸਨ ਜਿਹਾਨ ਨੂੰ ਐਕਸ ‘ਤੇ ਪੀਐਮ ਮੋਦੀ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ । ਜਦੋਂ ਉਹ ਲਕਸ਼ਦੀਪ ਦੇ ਦੌਰੇ ‘ਤੇ ਸਨ ਤਾਂ ਮਰੀਅਮ ਨੇ ਪੀਐਮ ਮੋਦੀ ਨੂੰ ‘ਜੋਕਰ’ ਅਤੇ ‘ਇਜ਼ਰਾਈਲ ਦੀ ਕਠਪੁਤਲੀ’ ਕਿਹਾ ਸੀ।