ਚੰਡੀਗੜ੍ਹ ,9 ਅਗਸਤ 2021: ਦੇਸ਼ ਅਜੇ ਕੋਰੋਨਾ ਕਹਿਰ ਤੋਂ ਉੱਭਰ ਹੀ ਰਿਹਾ ਸੀ ਕਿ ਡੈਲਟਾ ਵਾਇਰਸ (Delta variant) ਨੇ ਦੇਸ਼ ਦੇ ਵਿੱਚ ਦਸਤਕ ਦੇ ਦਿੱਤੀ ,ਜੋ ਲੋਕਾਂ ‘ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ,ਕਈ ਦੇਸ਼ਾਂ ‘ਚ ਕੋਰੋਨਾ ਕੇਸ ਭਾਵੇ ਹੀ ਘੱਟਦੇ ਜਾ ਰਹੇ ਹਨ ਪਰ ਇਸ ਨਾਲ ਕਈ ਹੋਰ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ | ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕੋਰੋਨਾ ਕੇਸ ਤਾਂ ਘੱਟ ਗਏ ,ਪਰ ਕੋਰੋਨਾ ਦੇ ਡੈਲਟਾ ਵੇਰੀਐਂਟ ਨੇ ਚਿੰਤਾ ਵਧਾ ਦਿੱਤੀ ਹੈ | ਇਹ ਡੈਲਟਾ ਵਾਇਰਸ ਦਿੱਲੀ ਸਰਕਾਰ ਵੱਲੋ ਜੀਨੋਮ ਸੀਕਵੇਂਸਿੰਗ (Genome Sequencing) ‘ਚ ਭੇਜੇ ਗਏ ਨਮੂਨਿਆਂ ‘ਚੋ 80% ਸਾਹਮਣੇ ਆਏ ਹਨ | ਜੋ ਕਿ ਸਰਕਾਰੀ ਰਿਕਾਰਡ ਵਿੱਚ ਵੀ ਮੌਜੂਦ ਹਨ |
ਕਿੱਥੇ -ਕਿੱਥੇ ਪੁੱਜ ਚੁੱਕਾ ਹੈ ਡੈਲਟਾ ਵੈਰੀਅੰਟ ?
ਦੱਸਣਯੋਗ ਹੈ ਕਿ ਹੁਣ ਤੱਕ 135 ਦੇਸ਼ਾਂ ‘ਚ ਡੈਲਟਾ ਵੇਰੀਐਂਟ (Delta variant) ਪੁੱਜ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਕਿ ਕੋਰੋਨਾ ਦਾ ਬੀਟਾ ਰੂਪ 132 ਦੇਸ਼ਾਂ ਵਿੱਚ ਪੁੱਜ ਚੁੱਕਾ ਹੈ। ਇਸ ਤੋਂ ਇਲਾਵਾ 81 ਦੇਸ਼ਾਂ ਵਿੱਚ ਗਾਮਾ ਰੂਪਾਂ , 182 ਦੇਸ਼ਾਂ ਵਿੱਚ ਅਲਫ਼ਾ ਵੇਰੀਐਂਟ ਦੇ ਮਾਮਲੇ ਪਾਏ ਗਏ ਹਨ। ਚਿੰਤਾ ਦੀ ਗੱਲ ਇਹ ਹੈ ਕਿ ਡੈਲਟਾ ਵਾਇਰਸ ਦੂਜੇ ਵਾਇਰਸ ਦੇ ਮੁਕਾਬਲੇ ਤੇਜ਼ੀ ਨਾਲ ਫੈਲ ਰਿਹਾ ਹੈ |
ਅਜਿਹੇ ਹਾਲਤਾਂ ਦੇ ਵਿੱਚ ਮੁੜ ਤੋਂ ਸਭ ਨੂੰ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਨੀ ਪਵੇਗੀ ,ਮਾਸਕ ਤੇ ਸਮਾਜਿਕ ਦੂਰੀ ਵਰਗੇ ਨਿਯਮ ਆਪਣੇ ਧਿਆਨ ‘ਚ ਲਿਆਉਣੇ ਪੈਣਗੇ ,ਤਾਂ ਜੋ ਪਿਛਲੀ ਵਾਰ ਦੀ ਤਰਾਂ ਦੇਸ਼ ਨੂੰ ਮੁੜ ਤੋਂ ਤਾਲਾਬੰਦੀ ਵਰਗੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ,ਕਿਉਂਕਿ ਤਾਲਾਬੰਦੀ ਵਾਲੇ ਹਾਲਤ ਦੇਸ਼ ਨੂੰ ਬਹੁਤ ਪਿੱਛੇ ਲੈ ਕੇ ਚਲੇ ਜਾਂਦੇ ਹਨ | ਸੋ ਜੇਕਰ ਅਸੀਂ ਆਪਣੇ ਦੇਸ਼ ਦੇ ਕੰਮਕਾਰ ਚੱਲਦੇ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਬਣਾਉਣਾ ਪਵੇਗਾ |