July 7, 2024 2:40 pm
Mayor

ਦਿੱਲੀ ਨੂੰ ਅੱਜ ਮਿਲੇਗਾ ਨਵਾਂ ਮੇਅਰ, ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਨਾਮਜ਼ਦ ਮੈਂਬਰ ਨਹੀਂ ਪਾ ਸਕਣਗੇ ਵੋਟ

ਚੰਡੀਗੜ੍ਹ, 22 ਫ਼ਰਵਰੀ 2023: ਦਿੱਲੀ ਦੇ ਉੱਪ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਗਏ ਮੈਂਬਰ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੋਣ ਵਾਲੀਆਂ ਮੇਅਰ ਚੋਣਾਂ ਵਿੱਚ ਵੋਟ ਨਹੀਂ ਪਾ ਸਕਣਗੇ। ਅਜਿਹੇ ਵਿੱਚ ਅੱਜ ਮੇਅਰ (Mayor), ਡਿਪਟੀ ਮੇਅਰ ਅਤੇ ਸਥਾਈ ਕਮੇਟੀ ਮੈਂਬਰਾਂ ਦੀ ਚੋਣ ਮੁਕੰਮਲ ਹੋਣ ਦੀ ਪੂਰੀ ਉਮੀਦ ਹੈ।

ਮੇਅਰ (Mayor) ਦੀ ਚੋਣ ਵਿੱਚ ਕੁੱਲ 274 ਵੋਟਾਂ ਹਨ। ਇਸ ਵਿੱਚ 250 ਚੁਣੇ ਹੋਏ ਕੌਂਸਲਰ, ਸੱਤ ਲੋਕ ਸਭਾ ਅਤੇ ਤਿੰਨ ਰਾਜ ਸਭਾ ਮੈਂਬਰ ਅਤੇ 14 ਵਿਧਾਇਕ ਸ਼ਾਮਲ ਹਨ। ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਨਿਗਮ ਸਦਨ ਵਿੱਚ ਵੋਟਿੰਗ ਲਈ ‘ਆਪ’ ਦੇ 13 ਅਤੇ ਭਾਜਪਾ ਦੇ ਇੱਕ ਵਿਧਾਇਕ ਨੂੰ ਨਾਮਜ਼ਦ ਕੀਤਾ ਹੈ।

ਵੋਟਾਂ ਦੀ ਖੇਡ ‘ਚ ‘ਆਪ’ ਭਾਜਪਾ ਤੋਂ ਅੱਗੇ ਹੈ। ‘ਆਪ’ ਕੋਲ 150 ਵੋਟਾਂ ਹਨ, ਜਦਕਿ ਭਾਜਪਾ ਦੀਆਂ 113 ਵੋਟਾਂ ਹਨ। ਮੁੰਡਕਾ ਵਾਰਡ ਤੋਂ ਆਜ਼ਾਦ ਚੋਣ ਜਿੱਤਣ ਵਾਲੇ ਗਜੇਂਦਰ ਦਰਾਲ ਮੇਅਰ ਦੀ ਚੋਣ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਮੇਅਰ ਦੀ ਚੋਣ ਲਈ ਸ਼ੈਲੀ ਓਬਰਾਏ ‘ਆਪ’ ਅਤੇ ਰੇਖਾ ਗੁਪਤਾ ਭਾਜਪਾ ਦੀ ਉਮੀਦਵਾਰ ਹੈ।

ਹੁਣ ਤੱਕ ਮੇਅਰ ਦੀ ਚੋਣ ਲਈ 6 ਜਨਵਰੀ, 24 ਜਨਵਰੀ ਅਤੇ 6 ਫਰਵਰੀ ਨੂੰ ਹਾਊਸ ਦੀ ਮੀਟਿੰਗ ਬੁਲਾਈ ਗਈ ਸੀ ਪਰ ਸਦਨ ਵਿੱਚ ਤਿੰਨ ਵਾਰ ਹੰਗਾਮਾ ਹੋਣ ਕਾਰਨ ਮੇਅਰ ਦੀ ਚੋਣ ਨਹੀਂ ਹੋ ਸਕੀ। ਇਸ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਸਿਆਸੀ ਮਤਭੇਦ ਕਾਫੀ ਵੱਧ ਗਿਆ ਹੈ।

MCD ਦੇ 250 ਵਾਰਡਾਂ ਲਈ 4 ਦਸੰਬਰ ਨੂੰ ਚੋਣਾਂ ਹੋਈਆਂ ਸਨ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਿਆ ਅਤੇ ਪਾਰਟੀ ਨੇ 134 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ। ਭਾਜਪਾ 104 ਵਾਰਡ ਜਿੱਤ ਕੇ ਦੂਜੇ ਨੰਬਰ ‘ਤੇ ਰਹੀ, ਜਦਕਿ ਕਾਂਗਰਸ ਨੇ 9 ਸੀਟਾਂ ਜਿੱਤੀਆਂ। ਤਿੰਨ ਆਜ਼ਾਦ ਉਮੀਦਵਾਰ ਜਿੱਤੇ ਸਨ।