ਚੰਡੀਗੜ੍ਹ, 10 ਨਵੰਬਰ 2023: ਹੁਣ 13 ਨਵੰਬਰ ਤੋਂ ਦਿੱਲੀ ਵਿੱਚ ਔਡ-ਈਵਨ (Odd-Even) ਨਿਯਮ ਲਾਗੂ ਨਹੀਂ ਹੋਵੇਗਾ। ਦਿੱਲੀ ‘ਚ ਬੀਤੀ ਰਾਤ ਤੋਂ ਹੋ ਰਹੀ ਬਾਰਿਸ਼ ਤੋਂ ਬਾਅਦ ਹਵਾ ਸਾਫ਼ ਹੋਣ ਤੋਂ ਬਾਅਦ ਦਿੱਲੀ ਸਰਕਾਰ ਨੇ ਔਡ-ਈਵਨ ਨਿਯਮ ਲਾਗੂ ਕਰਨ ਦੇ ਫੈਸਲੇ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਜੇਕਰ ਭਵਿੱਖ ‘ਚ ਸਥਿਤੀ ਗੰਭੀਰ ਹੁੰਦੀ ਹੈ ਤਾਂ ਇਸ ‘ਤੇ ਮੁੜ ਵਿਚਾਰ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਕਿਹਾ ਸੀ ਕਿ ਔਡ-ਈਵਨ (Odd-Even) ਸਹੀ ਹੈ। ਸਰਕਾਰ ਨੇ ਇੱਕ ਵਿਗਿਆਨਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸਦਾ ਸਕਾਰਾਤਮਕ ਪ੍ਰਭਾਵ ਪਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸੜਕਾਂ ‘ਤੇ ਭੀੜ ਘਟੀ ਹੈ।
ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਔਡ-ਈਵਨ ਸਕੀਮ ਨੇ ਈਂਧਨ ਦੀ ਖਪਤ ਵਿੱਚ 15% ਦੀ ਕਮੀ ਕੀਤੀ ਹੈ। ਦਿੱਲੀ ‘ਚ ਵਧਦੇ ਪ੍ਰਦੂਸ਼ਣ (Pollution) ਨੂੰ ਲੈ ਕੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਅਸੀਂ ਹਰ ਸਾਲ ਦਖਲ ਦਿੰਦੇ ਹਾਂ ਤਾਂ ਹੀ ਕਾਰਵਾਈ ਕਿਉਂ ਕੀਤੀ ਜਾਂਦੀ ਹੈ। ਦਿੱਲੀ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਅਸੀਂ ਨਤੀਜੇ ਦੇਖਣਾ ਚਾਹੁੰਦੇ ਹਾਂ।
ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਪਿਛਲੇ 6 ਸਾਲਾਂ ਤੋਂ ਕੀ ਕਰ ਰਹੇ ਹੋ? ਸ਼ਾਇਦ ਪ੍ਰਮਾਤਮਾ ਨੇ ਦਿੱਲੀ ਵਾਸੀਆਂ ਦੀ ਅਰਦਾਸ ਸੁਣ ਲਈ। ਇਸ ਲਈ ਵੀਰਵਾਰ (9 ਨਵੰਬਰ) ਰਾਤ ਨੂੰ ਮੀਂਹ ਪਿਆ।