ਚੰਡੀਗੜ੍ਹ, 21 ਫਰਵਰੀ 2025: ਦਿੱਲੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਰੇਖਾ ਗੁਪਤਾ (CM Rekha Gupta) ਐਕਸ਼ਨ ਮੋਡ ‘ਚ ਆ ਗਈ ਹੈ। ਭਾਜਪਾ ਨੇ ਦਿੱਲੀ ਦੀਆਂ ਖਰਾਬ ਸੜਕਾਂ ਤੋਂ ਲੈ ਕੇ ਸਿਹਤ, ਯਮੁਨਾ ਦੀ ਸਫਾਈ ਤੱਕ ਦੇ ਆਪਣੇ ਵਾਅਦਿਆਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਸਮਰਥਕਾਂ ਨਾਲ ਮੁਲਾਕਾਤ ਦੌਰਾਨ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਦਿੱਲੀ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ‘ਚ ਆਯੁਸ਼ਮਾਨ ਭਾਰਤ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਸੀ |
ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਲੋਕਾਂ ਨਾਲ ਗੱਲਬਾਤ ਕੀਤੀ। ਅੱਜ ਸਵੇਰੇ ਵੱਡੀ ਗਿਣਤੀ ‘ਚ ਲੋਕ ਸ਼ਾਲੀਮਾਰ ਬਾਗ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਨੂੰ ਵਧਾਈ ਦੇਣ ਲਈ ਇਕੱਠੇ ਹੋਏ। ਲੋਕ ਉਸਨੂੰ ਵਧਾਈ ਦੇਣ ਲਈ ਹਾਰਾਂ ਅਤੇ ਫੁੱਲਾਂ ਦੇ ਗੁਲਦਸਤੇ ਲੈ ਕੇ ਆਏ।
ਮੀਡੀਆ ਨਾਲ ਗੱਲ ਕਰਦੇ ਹੋਏ, ਨਵੀਂ ਦਿੱਲੀ ਦੇ ਮੁੱਖ ਮੰਤਰੀ (CM Rekha Gupta) ਨੇ ਕਿਹਾ, “ਕੱਲ੍ਹ ਕੈਬਨਿਟ ਬੈਠਕ ‘ਚ ਅਸੀਂ ਆਯੁਸ਼ਮਾਨ ਭਾਰਤ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ, ਜਿਸਨੂੰ ‘ਆਪ’ ਨੇ ਰੋਕ ਦਿੱਤਾ ਸੀ। ਇਸ ਯੋਜਨਾ ਨੂੰ ਜਲਦੀ ਹੀ ਜਨਤਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਪੀਡਬਲਯੂਡੀ ਅਤੇ ਜਲ ਬੋਰਡ ਦੇ ਅਧਿਕਾਰੀਆਂ ਨੂੰ ਕੈਬਨਿਟ ਨਾਲ ਬੈਠਕ ਲਈ ਬੁਲਾਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੈਬਨਿਟ ਬੈਠਕ ‘ਚ ਮਹਿਲਾ ਸਨਮਾਨ ਯੋਜਨਾ ‘ਤੇ ਚਰਚਾ ਕੀਤੀ ਗਈ। ਬਿਨਾਂ ਰਜਿਸਟ੍ਰੇਸ਼ਨ ਦੇ ਲਾਭਪਾਤਰੀਆਂ ਨੂੰ ਯੋਜਨਾ ਦੇ ਲਾਭ ਕਿਵੇਂ ਪ੍ਰਦਾਨ ਕੀਤੇ ਜਾਣ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਸਾਡੀ ਸਰਕਾਰ ਜਲਦੀ ਹੀ ਇਸ ਯੋਜਨਾ ਲਈ ਮਾਪਦੰਡ ਨਿਰਧਾਰਤ ਕਰੇਗੀ ਅਤੇ ਰਜਿਸਟ੍ਰੇਸ਼ਨ ਕਿਵੇਂ ਕੀਤੀ ਜਾਵੇਗੀ ਇਸ ਬਾਰੇ ਵੀ ਫੈਸਲਾ ਲਿਆ ਜਾਵੇਗਾ।
ਜਿਕਰਯੋਗ ਹੈ ਕਿ 27 ਸਾਲਾਂ ਬਾਅਦ ਦਿੱਲੀ ‘ਚ ਭਾਜਪਾ ਦੀ ਸਰਕਾਰ ਬਣੀ ਹੈ। ਸ਼ਾਲੀਮਾਰ ਬਾਗ ਵਿਧਾਨ ਸਭਾ ਵਿਧਾਇਕ ਰੇਖਾ ਗੁਪਤਾ ਨੇ ਵੀਰਵਾਰ ਨੂੰ ਰਾਮਲੀਲਾ ਮੈਦਾਨ ‘ਚ ਹੋਏ ਸਹੁੰ ਚੁੱਕ ਸਮਾਗਮ ‘ਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ, ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਪਾਰਟੀ ਆਗੂਆਂ ਪ੍ਰਵੇਸ਼ ਵਰਮਾ ਅਤੇ ਆਸ਼ੀਸ਼ ਸੂਦ ਨੂੰ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ।
ਇਨ੍ਹਾਂ ਤੋਂ ਇਲਾਵਾ, ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਦਿੱਲੀ ਸਰਕਾਰ ‘ਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਸਿਰਸਾ ਨੇ ਪੰਜਾਬੀ ‘ਚ ਸਹੁੰ ਚੁੱਕੀ। ਭਾਜਪਾ ਵਿਧਾਇਕ ਰਵਿੰਦਰ ਇੰਦਰਰਾਜ ਸਿੰਘ, ਕਪਿਲ ਮਿਸ਼ਰਾ ਅਤੇ ਪੰਕਜ ਕੁਮਾਰ ਸਿੰਘ ਨੇ ਵੀ ਦਿੱਲੀ ਸਰਕਾਰ ‘ਚ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ।
Read More: Delhi CM Oath: ਰੇਖਾ ਗੁਪਤਾ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਇਹ 6 ਵਿਧਾਇਕ ਬਣੇ ਕੈਬਿਨਟ ਮੰਤਰੀ