ਚੰਡੀਗੜ੍ਹ, 22 ਜਨਵਰੀ 2025: ਦਿੱਲੀ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਜ਼ੁਬਾਨੀ ਜੰਗ ਜਾਰੀ ਹੈ | ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ ਵਿਰੁੱਧ ਚੋਣ ਲੜ ਰਹੇ ਪਰਵੇਸ਼ ਵਰਮਾ ਨੇ ਕਿਹਾ ਕਿ ਪੰਜਾਬ ਦੀਆਂ ਨੰਬਰ ਪਲੇਟਾਂ ਵਾਲੇ ਹਜ਼ਾਰਾਂ ਵਾਹਨ ਦਿੱਲੀ ‘ਚ ਘੁੰਮ ਰਹੇ ਹਨ। ਇੱਥੇ 26 ਜਨਵਰੀ ਨੂੰ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇੱਥੇ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ ਜੋ ਸਾਡੀ ਸੁਰੱਖਿਆ ਪ੍ਰਣਾਲੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ ?
ਭਜਾਪ ਆਗੂ ਦੇ ਇਸ ਬਿਆਨ ਨੂੰ ਅਰਵਿੰਦ ਕੇਜਰੀਵਾਲ (Arvind Kejriwal) ਨੇ ਪੰਜਾਬੀਆਂ ਦਾ ਅਪਮਾਨ ਦੱਸਿਆ ਹੈ। ਕੇਜਰੀਵਾਲ ਨੇ ਅੱਜ ਸਵੇਰ ਐਕਸ ‘ਤੇ ਲਿਖਿਆ ਕਿ ਦਿੱਲੀ ਨੂੰ ਪੰਜਾਬੀਆਂ ਨੇ ਸਵਾਰਿਆ ਹੈ | ਪੰਜਾਬੀਆਂ ਨੂੰ ਦੇਸ਼ ਲਈ ਖ਼ਤਰਾ ਦੱਸ ਕੇ, ਭਾਜਪਾ ਨੇ ਦਿੱਲੀ ‘ਚ ਰਹਿਣ ਵਾਲੇ ਲੱਖਾਂ ਪੰਜਾਬੀਆਂ ਦਾ ਅਪਮਾਨ ਕੀਤਾ ਹੈ। ਭਾਜਪਾ ਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਕੇਜਰੀਵਾਲ ਨੇ ਦਿੱਲੀ ‘ਚ ਲੱਖਾਂ ਪੰਜਾਬੀ ਰਹਿੰਦੇ ਹਨ ਜਿਨ੍ਹਾਂ ਦੇ ਪੁਰਖਿਆਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਲੱਖਾਂ ਪੰਜਾਬੀ ਸ਼ਰਨਾਰਥੀ ਵੀ ਦਿੱਲੀ ‘ਚ ਰਹਿੰਦੇ ਹਨ ਜੋ ਵੰਡ ਦੇ ਔਖੇ ਸਮੇਂ ਦੌਰਾਨ ਸਭ ਕੁਝ ਪਿੱਛੇ ਛੱਡ ਕੇ ਦਿੱਲੀ ‘ਚ ਵਸ ਗਏ ਸਨ। ਅੱਜ ਭਾਜਪਾ ਆਗੂ ਜੋ ਵੀ ਕਹਿ ਰਹੇ ਹਨ, ਉਹ ਉਨ੍ਹਾਂ ਦੀ ਸ਼ਹਾਦਤ ਅਤੇ ਕੁਰਬਾਨੀ ਦਾ ਅਪਮਾਨ ਕਰ ਰਹੇ ਹਨ।
ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਮੱਧ ਵਰਗੀ ਪਰਿਵਾਰਾਂ ਲਈ ਇੱਕ ਵੱਖਰਾ ਮੈਨੀਫੈਸਟੋ ਜਾਰੀ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰ ਪਾਰਟੀ ਨੇ ਮੱਧ ਵਰਗ ਨੂੰ ਦਬਾਇਆ ਹੈ। ਮੱਧ ਵਰਗ ਨੂੰ ਹਰ ਚੀਜ਼ ‘ਤੇ ਟੈਕਸ ਦੇਣਾ ਪੈਂਦਾ ਹੈ। ਹੁਣ ਮੌਤ ਤੋਂ ਬਾਅਦ ਵੀ ਟੈਕਸ ਦੇਣਾ ਪਵੇਗਾ। ਆਮਦਨ ਦਾ 50 ਪ੍ਰਤੀਸ਼ਤ ਟੈਕਸਾਂ ‘ਚ ਜਾਂਦਾ ਹੈ ਅਤੇ ਮੱਧ ਵਰਗ ਬਹੁਤ ਪ੍ਰੇਸ਼ਾਨ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਮੱਧ ਵਰਗ ਲਈ ਬਹੁਤ ਕੰਮ ਕੀਤਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੱਧ ਵਰਗ ਟੈਕਸ ਟੇਰੀਜਮ ਦਾ ਸ਼ਿਕਾਰ ਹੈ। ਮੱਧ ਵਰਗ ਸਰਕਾਰਾਂ ਲਈ ਸਿਰਫ਼ ਇੱਕ ਏਟੀਐਮ ਬਣ ਗਿਆ ਹੈ। ਅੱਜ ਦੇਸ਼ ‘ਚ ਮੱਧ ਵਰਗ ਦੇ ਲੋਕਾਂ ਨੂੰ ਆਪਣੇ ਪਰਿਵਾਰ ਚਲਾਉਣ ‘ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਨ੍ਹਾਂ ਸਾਰੀਆਂ ਸਮੱਸਿਆਵਾਂ ਕਾਰਨ ਹਰ ਸਾਲ ਲੱਖਾਂ ਭਾਰਤੀ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਵਸ ਰਹੇ ਹਨ।
ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਨਤਾ ਦਾ ਪੈਸਾ ਜਨਤਾ ‘ਤੇ ਖਰਚ ਕੀਤਾ। ਅਸੀਂ ਜਨਤਾ ਦੇ ਟੈਕਸ ਦੇ ਪੈਸੇ ਨੂੰ ਸਿੱਖਿਆ ਅਤੇ ਸਕੂਲਾਂ ‘ਤੇ ਨਿਵੇਸ਼ ਕੀਤਾ। ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਕਈ ਮੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਿੱਖਿਆ ਅਤੇ ਸਿਹਤ ਦਾ ਬਜਟ ਵਧਾਉਣਾ ਚਾਹੀਦਾ ਹੈ।
Read More: ਅਰਵਿੰਦ ਕੇਜਰੀਵਾਲ ਨੇ ਸਫਾਈ ਕਰਮਚਾਰੀਆਂ ਲਈ ਕਰਤਾ ਐਲਾਨ, PM ਮੋਦੀ ਨੂੰ ਲਿਖਿਆ ਪੱਤਰ