29 ਨਵੰਬਰ 2024: ਦਿੱਲੀ (delhi) ਦੀ ਹਵਾ ਵੀਰਵਾਰ ਨੂੰ ਲਗਾਤਾਰ ਪੰਜਵੇਂ ਦਿਨ ‘ਬਹੁਤ ਖਰਾਬ’ ਸ਼੍ਰੇਣੀ ‘ਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board) (CPCB) ਦੇ ਅਨੁਸਾਰ, ਪਿਛਲੇ 24 ਘੰਟਿਆਂ ਦਾ AQI ਸ਼ਾਮ 4 ਵਜੇ 325 ਦਰਜ ਕੀਤਾ ਗਿਆ ਸੀ। ਇਹ ਬੁੱਧਵਾਰ ਦੇ 303 AQI ਤੋਂ ਵੱਧ ਹੈ।
ਇਸ ਤੋਂ ਇਲਾਵਾ ਵੀਰਵਾਰ ਦੀ ਰਾਤ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਵਜੋਂ ਦਰਜ ਕੀਤੀ ਗਈ। ਆਈਐਮਡੀ ਦੇ ਅਨੁਸਾਰ, ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 10.1 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜੋ ਇਸ ਸਮੇਂ ਲਈ ਆਮ ਹੈ। ਇਸ ਤੋਂ ਪਹਿਲਾਂ 21 ਨਵੰਬਰ ਦੀ ਰਾਤ ਨੂੰ ਤਾਪਮਾਨ 10.2 ਡਿਗਰੀ ਸੈਲਸੀਅਸ ਅਤੇ 27 ਨਵੰਬਰ ਨੂੰ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਦਿਨ ਦੌਰਾਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਵੱਧ ਹੈ। ਇਹ ਇਸ ਸੀਜ਼ਨ ਦਾ ਦੂਜਾ ਸਭ ਤੋਂ ਘੱਟ ਤਾਪਮਾਨ ਹੈ। 19 ਨਵੰਬਰ ਨੂੰ ਸਭ ਤੋਂ ਠੰਢੇ ਦਿਨ ਦਾ ਤਾਪਮਾਨ 23.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਆਈਐਮਡੀ ਨੇ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ|