ਚੰਡੀਗੜ੍ਹ, 1 ਫਰਵਰੀ 2023: (Delhi Mayor) ਦਿੱਲੀ ਦੇ ਉਪ ਰਾਜਪਾਲ ਨੇ ਉਪ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਪ੍ਰਸਤਾਵਿਤ ਦਿੱਲੀ ਨਗਰ ਨਿਗਮ ਦੀ 6 ਫਰਵਰੀ ਨੂੰ ਮੁਲਤਵੀ ਪਹਿਲੀ ਮੀਟਿੰਗ ਦੇ ਆਯੋਜਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰਾਜਪਾਲ ਨੇ ਮੇਅਰ, ਡਿਪਟੀ ਮੇਅਰ ਅਤੇ 6 ਮੈਂਬਰੀ ਸਥਾਈ ਕਮੇਟੀ ਦੀ ਚੋਣ ਕਰਵਾਉਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਚਣ ਲਈ ਐਮਸੀਡੀ ਨੇ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਲਈ ਹਾਊਸ ਦੀ ਮੀਟਿੰਗ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਐਮਸੀਡੀ ਨੇ 10 ਫਰਵਰੀ ਨੂੰ ਸਦਨ ਦੀ ਮੀਟਿੰਗ ਬੁਲਾਉਣ ਲਈ ਇੱਕ ਫਾਈਲ ਦਿੱਲੀ ਸਰਕਾਰ ਨੂੰ ਭੇਜੀ ਹੈ, ਜਦੋਂ ਕਿ ਦਿੱਲੀ ਸਰਕਾਰ ਨੇ ਫਾਈਲ ਵਿੱਚ ਸੋਧ ਕਰਦੇ ਹੋਏ ਉਪ ਰਾਜਪਾਲ ਨੂੰ 3, 4 ਅਤੇ 6 ਫਰਵਰੀ ਦੀ ਕਿਸੇ ਇੱਕ ਨੂੰ ਮੀਟਿੰਗ ਬੁਲਾਉਣ ਦਾ ਪ੍ਰਸਤਾਵ ਭੇਜਿਆ ਸੀ। ਰਾਜਪਾਲ ਨੇ 6 ਫਰਵਰੀ ਨੂੰ ਮੀਟਿੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਆਮ ਆਦਮੀ ਪਾਰਟੀ ਦੀ ਮੇਅਰ ਅਹੁਦੇ ਦੀ ਉਮੀਦਵਾਰ ਸ਼ੈਲੀ ਓਬਰਾਏ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਸਭ ਤੋਂ ਪਹਿਲਾਂ ਰਾਜਪਾਲ ਨੇ ਐਮਸੀਡੀ ਦੇ ਪ੍ਰਸਤਾਵ ਦੇ ਤਹਿਤ ਸਦਨ ਦੀ ਬੈਠਕ ਦੀ ਤਾਰੀਖ਼ 6 ਜਨਵਰੀ ਤੈਅ ਕੀਤੀ ਸੀ। ਇਸ ਦਿਨ ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਸ਼ੁਰੂ ਹੁੰਦੇ ਹੀ ਹੰਗਾਮਾ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦਿੱਲੀ ਸਰਕਾਰ ਦੀ ਤਜਵੀਜ਼ ਤਹਿਤ ਸਦਨ ਦੀ ਮੀਟਿੰਗ ਦੀ ਤਾਰੀਖ਼ ਮੁੜ ਤੈਅ ਕਰ ਦਿੱਤੀ। ਦਿੱਲੀ ਸਰਕਾਰ ਦੇ ਪ੍ਰਸਤਾਵ ਮੁਤਾਬਕ ਉਨ੍ਹਾਂ ਨੇ ਸਦਨ ਦੀ ਬੈਠਕ ਦੀ ਤਾਰੀਖ਼ 24 ਜਨਵਰੀ ਤੈਅ ਕੀਤੀ ਸੀ। ਇਸ ਦਿਨ ਕੌਂਸਲਰਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਸਦਨ ਦੀ ਮੀਟਿੰਗ ਵਿੱਚ ਹੰਗਾਮਾ ਹੋ ਗਿਆ। ਇਸ ਕਾਰਨ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਨਹੀਂ ਹੋ ਸਕੀ।