ਚੰਡੀਗੜ੍ਹ, 26 ਅਪ੍ਰੈਲ 2023: ਦਿੱਲੀ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਲਈ ਬੁੱਧਵਾਰ ਨੂੰ ਹੋਈਆਂ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਇਕ ਵਾਰ ਫਿਰ ਸਫਲਤਾ ਮਿਲੀ ਹੈ। ਮੇਅਰ ਦੀ ਚੋਣ ਤੋਂ ਭਾਜਪਾ ਉਮੀਦਵਾਰ ਸ਼ਿਖਾ ਰਾਏ ਦਾ ਨਾਂ ਵਾਪਸ ਲਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ (Shelley Oberoi) ਦਿੱਲੀ ਨਗਰ ਨਿਗਮ ਦੀ ਮੁੜ ਮੇਅਰ ਚੁਣੀ ਗਈ ਹੈ। ਦੂਜੇ ਪਾਸੇ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਸੋਨੀ ਪਾਂਡੇ ਵੱਲੋਂ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਲੇ ਇਕਬਾਲ ਡਿਪਟੀ ਮੇਅਰ ਦੇ ਅਹੁਦੇ ਲਈ ਬਿਨਾਂ ਮੁਕਾਬਲਾ ਚੁਣੇ ਗਏ ਹਨ।
ਮੇਅਰ ਨੇ ਕਿਹਾ ਕਿ ਡਿਪਟੀ ਮੇਅਰ ਦੇ ਅਹੁਦੇ ਲਈ ਕੋਈ ਵੀ ਉਮੀਦਵਾਰ ਚਾਹੇ ਤਾਂ ਆਪਣਾ ਨਾਂ ਵਾਪਸ ਲੈ ਸਕਦਾ ਹੈ। ਭਾਜਪਾ ਦੀ ਡਿਪਟੀ ਮੇਅਰ ਉਮੀਦਵਾਰ ਸੋਨੀ ਪਾਂਡੇ ਨੇ ਵੀ ਆਪਣਾ ਨਾਂ ਵਾਪਸ ਲੈ ਲਿਆ ਹੈ। ਇਸ ਤਰ੍ਹਾਂ ਆਲੇ ਇਕਬਾਲ ਨੂੰ ਦਿੱਲੀ ਦਾ ਡਿਪਟੀ ਮੇਅਰ ਚੁਣ ਲਿਆ ਗਿਆ।
ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਪਿਛਲੀ ਵਾਰ ਦੀ ਤਰ੍ਹਾਂ ਸਦਨ ‘ਚ ਚੋਣਾਂ ਨੂੰ ਲੈ ਕੇ ‘ਆਪ’ ਅਤੇ ਭਾਜਪਾ ਵਿਚਾਲੇ ਹੰਗਾਮਾ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਨੇ ਮੇਅਰ ਦੀ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਪਵੇਗਾ। ਤਾਂ ਜੋ ਅਸੀਂ ਦਿੱਲੀ ਨੂੰ ਨਵਾਂ ਰੂਪ ਦੇ ਸਕੀਏ ਅਤੇ ਅਸੀਂ ਮਿਲ ਕੇ ਕੰਮ ਕਰਾਂਗੇ।