MP Sanjay Singh

ਦਿੱਲੀ ਸ਼ਰਾਬ ਨੀਤੀ ਮਾਮਲਾ: MP ਸੰਜੇ ਸਿੰਘ ਦੀ ਅਦਾਲਤ ‘ਚ ਪੇਸ਼ੀ, ਈਡੀ ਨੇ ਮੰਗਿਆ ਪੰਜ ਦਿਨ ਦਾ ਰਿਮਾਂਡ

ਚੰਡੀਗੜ੍ਹ, 10 ਅਕਤੂਬਰ, 2023: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ (MP Sanjay Singh) ਨੂੰ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿੱਚ ਕਥਿਤ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਮੰਗਲਵਾਰ ਨੂੰ ਈਡੀ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਰਾਊਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ‘ਚ ਪੇਸ਼ ਹੋਣ ਜਾ ਰਹੇ ‘ਆਪ’ ਆਗੂ ਸੰਜੇ ਨੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰ ਲੋਕ ਸਾਡੇ ਨਾਲ ਹਨ ਅਤੇ ਬੇਈਮਾਨ ਲੋਕ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹਨ।

ਈਡੀ ਨੇ ਇੱਕ ਵਾਰ ਫਿਰ ਸੰਜੇ ਸਿੰਘ (MP Sanjay Singh) ਦੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਹੈ। ਈਡੀ ਦੀ ਤਰਫੋਂ ਵਕੀਲ ਨੇ ਕਿਹਾ, ‘ਸੰਜੇ ਸਿੰਘ ਹਿਰਾਸਤ ‘ਚ ਸਵਾਲਾਂ ਦੇ ਸਹੀ ਜਵਾਬ ਨਹੀਂ ਦੇ ਰਹੇ ਹਨ, ਜਾਂਚ ‘ਚ ਸਹਿਯੋਗ ਨਹੀਂ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਫੋਨ ਦੇ ਅੰਕੜਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਦਾ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਇਸ ਦੌਰਾਨ ਈਡੀ ਨੇ ਅਦਾਲਤ ਨੂੰ ਦੱਸਿਆ ਕਿ ਰਿਸ਼ਵਤ ਮੰਗਣ ਦੇ ਸਬੂਤ ਹਨ ਨਾ ਕਿ ਰਿਸ਼ਵਤ ਲੈਣ ਦੇ। ਸ਼ਰਾਬ ਦੇ ਲਾਇਸੈਂਸ ਲਈ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਈਡੀ ਨੇ ਅਦਾਲਤ ਵਿੱਚ ਸੰਜੇ ਸਿੰਘ ਦੇ 5 ਸਾਲ ਦੇ ਰਿਮਾਂਡ ਦੀ ਮੰਗ ਕੀਤੀ।

ਪਿਛਲੀ ਪੇਸ਼ੀ ਦੌਰਾਨ ਗ੍ਰਿਫਤਾਰ ਕੀਤੇ ਗਏ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ 10 ਅਕਤੂਬਰ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ । ਈਡੀ ਨੇ ਮਾਮਲੇ ‘ਚ 10 ਦਿਨਾਂ ਦੀ ਰਿਮਾਂਡ ਮੰਗੀ ਸੀ। ਹਾਲਾਂਕਿ ਅਦਾਲਤ ਨੇ ਸੁਣਵਾਈ ਦੌਰਾਨ ਈਡੀ ਅੱਗੇ ਕਈ ਸਵਾਲ ਖੜ੍ਹੇ ਕੀਤੇ ਅਤੇ ਉਸ ਤੋਂ ਬਾਅਦ ਸਿਰਫ਼ ਪੰਜ ਦਿਨ ਦਾ ਰਿਮਾਂਡ ਦਿੱਤਾ ਸੀ।

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਰਕਰ ਕੋਰਟ ‘ਚ ਸੰਜੇ ਸਿੰਘ ਦੀ ਪੇਸ਼ੀ ਤੋਂ ਪਹਿਲਾਂ ਪ੍ਰਦਰਸ਼ਨ ਕਰ ਰਹੇ ਹਨ। ਇਹ ਪ੍ਰਦਰਸ਼ਨ ‘ਆਪ’ ਵਰਕਰਾਂ ਵੱਲੋਂ ‘ਆਪ’ ਵਿਧਾਇਕਾਂ ਅਮਾਨਤੁੱਲਾ ਖਾਨ ਅਤੇ ਸੰਜੇ ਸਿੰਘ ਦੇ ਘਰ ‘ਤੇ ਈਡੀ ਦੇ ਛਾਪੇ ਵਿਰੁੱਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਹਮਲਾਵਰ ਹੁੰਦੇ ਦੇਖ ਪੁਲਿਸ ਨੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਆਪ ਆਗੂ ਡੀਡੀਯੂ ਮਾਰਗ ‘ਤੇ ‘ਆਪ’ ਦਫ਼ਤਰ ਤੋਂ ਭਾਜਪਾ ਹੈੱਡਕੁਆਰਟਰ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਦੱਸ ਦਈਏ ਕਿ ਈਡੀ ਨੇ ਆਬਕਾਰੀ ਨੀਤੀ ਮਾਮਲੇ ਵਿੱਚ 4 ਅਕਤੂਬਰ ਨੂੰ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ‘ਆਪ’ ਆਗੂ ਨੂੰ ਪੁੱਛਗਿੱਛ ਲਈ ਅਦਾਲਤ ‘ਚ ਪੇਸ਼ ਕਰਕੇ ਪੰਜ ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ।

Scroll to Top