ਚੰਡੀਗੜ੍ਹ, 20 ਮਾਰਚ 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਈਡੀ ਵੱਲੋਂ ਭੇਜੇ ਸੰਮਨ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਸੀਐਮ ਅਰਵਿੰਦ ਕੇਜਰੀਵਾਲ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹਾਈਕੋਰਟ ‘ਚ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਣਵਾਈ ਚੱਲ ਰਹੀ ਹੈ।
ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਏਜੰਸੀ ਵੱਲੋਂ ਜਾਰੀ ਕੀਤੇ ਗਏ ਕਈ ਸੰਮਨਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਸੁਣਵਾਈ ਦੀ ਤਾਰੀਖ਼ 22 ਅਪ੍ਰੈਲ 2024 ਤੈਅ ਕੀਤੀ ਹੈ।
ਮੰਗਲਵਾਰ ਨੂੰ ਪਟੀਸ਼ਨ ‘ਚ ਅਰਵਿੰਦ ਕੇਜਰੀਵਾਲ (Arvind Kejriwal) ਨੇ ਦਲੀਲ ਦਿੱਤੀ ਕਿ ਸਾਰੇ ਸੰਮਨ ਗੈਰ-ਕਾਨੂੰਨੀ ਹਨ ਅਤੇ ਹੇਠਲੀ ਅਦਾਲਤ ਵੱਲੋਂ ਉਸ ਵਿਰੁੱਧ ਨੋਟਿਸ ਜਾਰੀ ਕਰਨ ਦੇ ਬਾਵਜੂਦ ਈਡੀ ਅਤੇ ਸੀਬੀਆਈ ਵਾਰ-ਵਾਰ ਸੰਮਨ ਜਾਰੀ ਕਰ ਰਹੇ ਹਨ। ਇਹ ਸਿਰਫ ਸਿਆਸੀ ਤੌਰ ‘ਤੇ ਜਾਰੀ ਕੀਤਾ ਗਿਆ ਹੈ।
ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਸੰਮਨ ਕੀਤੇ ਜਾਣ ਦੇ ਬਾਵਜੂਦ ਵਾਰ-ਵਾਰ ਜਾਂਚ ਵਿੱਚ ਸ਼ਾਮਲ ਹੋਣ ਵਿੱਚ ਅਸਫਲ ਰਹਿਣ ਤੋਂ ਬਾਅਦ ਕੇਜਰੀਵਾਲ ਵਿਰੁੱਧ ਅਦਾਲਤ ਵਿੱਚ ਸ਼ਿਕਾਇਤ ਕੀਤੀ ਹੈ।
ਅਦਾਲਤ ਵਿੱਚ ਅਰਵਿੰਦ ਕੇਜਰੀਵਾਲ ਦੀ ਤਰਫੋਂ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਦਲੀਲ ਦਿੱਤੀ। ਦਿੱਲੀ ਹਾਈਕੋਰਟ ਨੇ ਪੁੱਛਿਆ ਕਿ ਤੁਸੀਂ ਸੰਮਨ ‘ਤੇ ਪੇਸ਼ ਕਿਉਂ ਨਹੀਂ ਹੋਏ। ਇਸ ‘ਤੇ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਧਵੀ ਨੇ ਕਿਹਾ ਕਿ ਇਸ ਮਾਮਲੇ ‘ਚ 9 ਸੰਮਨ ਜਾਰੀ ਕੀਤੇ ਗਏ ਸਨ। ਅਸੀਂ ਸਾਰਿਆਂ ‘ਤੇ ਜਵਾਬ ਦਾਖਲ ਕੀਤੇ। ਅਸੀਂ ਕਿਹਾ ਹੈ ਕਿ ਅਸੀਂ ਵਰਚੁਆਲੀ ਜਵਾਬ ਦੇਣ ਲਈ ਤਿਆਰ ਹਾਂ। ਅਭਿਸ਼ੇਕ ਮਨੂ ਸਿੰਧਵੀ ਨੇ ਕਿਹਾ ਕਿ ਪੇਸ਼ ਹੋਣ ‘ਚ ਕੋਈ ਦਿੱਕਤ ਨਹੀਂ ਹੈ ਪਰ ਕੁਝ ਸੁਰੱਖਿਆ ਦੀ ਲੋੜ ਹੈ। ਅਭਿਸ਼ੇਕ ਮਨੂ ਸਿੰਘਵੀ ਨੇ ਅਦਾਲਤ ਤੋਂ ਮੰਗ ਕੀਤੀ ਕਿ ਈਡੀ ਨੂੰ ਸੰਮਨ ਜਾਰੀ ਕੀਤੇ ਜਾਣ।
ਸਿੰਘਵੀ ਨੇ ਕਿਹਾ ਕਿ ਅਸੀਂ ਸਾਰੇ ਜਵਾਬ ਭੇਜ ਦਿੱਤੇ ਹਨ। ਉਨ੍ਹਾਂ ਨੇ ਏਜੰਸੀ ਤੋਂ ਪੁੱਛਿਆ ਕਿ ਕੀ ਉਸ ਨੂੰ ਗਵਾਹ ਵਜੋਂ ਬੁਲਾਇਆ ਜਾ ਰਿਹਾ ਹੈ ਜਾਂ ਮੁਲਜ਼ਮ ਵਜੋਂ । ਇਸ ‘ਤੇ ਦਿੱਲੀ ਹਾਈਕੋਰਟ ਨੇ ਕਿਹਾ ਕਿ ਤੁਹਾਨੂੰ ਪੇਸ਼ ਹੋਣ ‘ਤੇ ਹੀ ਪਤਾ ਲੱਗੇਗਾ। ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਤੁਹਾਨੂੰ ਈਡੀ ਸਾਹਮਣੇ ਪੇਸ਼ ਹੋਣ ਤੋਂ ਕੀ ਰੋਕ ਰਿਹਾ ਹੈ। ਉਹ ਤੁਹਾਡੀ ਪਹਿਲੀ ਪੇਸ਼ੀ ‘ਤੇ ਤੁਹਾਨੂੰ ਗ੍ਰਿਫਤਾਰ ਨਹੀਂ ਕਰਨਗੇ, ਉਹ ਤੁਹਾਨੂੰ ਕਾਰਨ ਦੱਸ ਕੇ ਹੀ ਗ੍ਰਿਫਤਾਰ ਕਰਨਗੇ, ਅਸੀਂ ਬਹੁਤ ਸਾਰੇ ਮਾਮਲੇ ਦੇਖੇ ਹਨ।




