July 5, 2024 1:06 pm
Delhi

ਦਿੱਲੀ ਨੂੰ ਅੱਜ ਵੀ ਨਹੀਂ ਮਿਲਿਆ ਨਵਾਂ ਮੇਅਰ, ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

ਚੰਡੀਗੜ੍ਹ, 6 ਫਰਵਰੀ 2023: ਦਿੱਲੀ (Delhi) ਨੂੰ ਅੱਜ ਵੀ ਨਵਾਂ ਮੇਅਰ ਨਹੀਂ ਮਿਲ ਸਕਿਆ। ਇੱਕ ਮਹੀਨੇ ਵਿੱਚ ਤੀਜੀ ਵਾਰ ਮੇਅਰ ਦੀ ਚੋਣ ਕਰਵਾਏ ਬਿਨਾਂ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਦਿੱਲੀ ਨਗਰ ਨਿਗਮ ‘ਚ ਮੇਅਰ ਦੀ ਚੋਣ ਦੌਰਾਨ MCD ਦੇ ਹੈੱਡਕੁਆਰਟਰ ਸਿਵਿਕ ਸੈਂਟਰ ‘ਚ ਹੰਗਾਮਾ ਸ਼ੁਰੂ ਹੋ ਗਿਆ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।

ਇਸ ਤੋਂ ਪਹਿਲਾਂ ਦਿੱਲੀ (Delhi) ਨਗਰ ਨਿਗਮ (ਐੱਮ.ਸੀ.ਡੀ.) ਦੇ ਪ੍ਰੀਜ਼ਾਈਡਿੰਗ ਅਫਸਰ ਸੱਤਿਆ ਸ਼ਰਮਾ ਨੇ ਕਿਹਾ ਕਿ ਮੇਅਰ ਦੀ ਚੋਣ ‘ਚ ‘ਐਲਡਰਮੈਨ’ ਵੋਟ ਪਾ ਸਕਦੇ ਹਨ। ‘ਐਲਡਰਮੈਨ’ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ LG ਕਾਰਪੋਰੇਟਰ ਦੁਆਰਾ ਨਾਮਜ਼ਦ ਕੀਤਾ ਜਾਂਦਾ ਹੈ। ਸੱਤਿਆ ਸ਼ਰਮਾ ਨੇ ਦੱਸਿਆ ਕਿ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀਆਂ ਚੋਣਾਂ ਨਾਲੋ-ਨਾਲ ਕਰਵਾਈਆਂ ਜਾਣਗੀਆਂ।

10 ਮਿੰਟ ਲਈ ਮੁਲਤਵੀ ਹੋਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਮੁੜ ਸਦਨ ਵਿੱਚ ਆਪਣੀ ਕੁਰਸੀ ’ਤੇ ਆ ਗਏ। ਭਾਜਪਾ ਦੀ ਕੌਂਸਲਰ ਸ਼ਿਖਾ ਰਾਏ, ਜੋ ਕਿ ਸਥਾਈ ਕਮੇਟੀ ਦੀ ਸਾਬਕਾ ਚੇਅਰਪਰਸਨ ਸੀ, ਉਨ੍ਹਾਂ ਨੇ ਪ੍ਰੀਜ਼ਾਈਡਿੰਗ ਅਫਸਰ ਦੇ ਸਾਹਮਣੇ ਮੰਗ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਅਖਿਲੇਸ਼ ਪਤੀ ਤ੍ਰਿਪਾਠੀ ਅਤੇ ਇੱਕ ਹੋਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਇਸ ਲਈ ਉਨ੍ਹਾਂ ਨੂੰ ਵੋਟ ਦਾ ਅਧਿਕਾਰ ਨਾ ਦਿੱਤਾ ਜਾਵੇ। ਇਸ ਤੋਂ ਬਾਅਦ ਸਦਨ ‘ਚ ਫਿਰ ਹੰਗਾਮਾ ਵਧ ਗਿਆ।

ਇਸ ਤੋਂ ਪਹਿਲਾਂ ਮੇਅਰ ਦੀ ਚੋਣ ਦੀਆਂ ਦੋ ਕੋਸ਼ਿਸ਼ਾਂ ਅਸਫਲ ਰਹੀਆਂ ਸਨ। ਦਿੱਲੀ ਮਿਉਂਸਪਲ ਕਾਰਪੋਰੇਸ਼ਨ ਐਕਟ 1957 ਦੇ ਤਹਿਤ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨਗਰ ਨਿਗਮ ਦੀ ਪਹਿਲੀ ਮੀਟਿੰਗ ਵਿੱਚ ਹੋਣੀ ਚਾਹੀਦੀ ਹੈ। ਭਾਵੇਂ ਨਗਰ ਨਿਗਮ ਚੋਣਾਂ ਨੂੰ ਦੋ ਮਹੀਨੇ ਬੀਤ ਚੁੱਕੇ ਹਨ ਪਰ ਅੱਜ ਤੱਕ ਸ਼ਹਿਰ ਨੂੰ ਨਵਾਂ ਮੇਅਰ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਐਮਸੀਡੀ ਹਾਊਸ ਦੀ ਮੀਟਿੰਗ ਦੋ ਵਾਰ 6 ਜਨਵਰੀ ਅਤੇ 24 ਜਨਵਰੀ ਨੂੰ ਸੱਦੀ ਗਈ ਸੀ ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਦੇ ਹੰਗਾਮੇ ਕਾਰਨ ਪ੍ਰੀਜ਼ਾਈਡਿੰਗ ਅਫ਼ਸਰ ਨੇ ਮੀਟਿੰਗ ਦੀ ਕਾਰਵਾਈ ਬਿਨਾਂ ਚੋਣ ਮੁਲਤਵੀ ਕਰ ਦਿੱਤੀ ਸੀ।