ਨਵੀਂ ਦਿੱਲੀ, 15 ਮਾਰਚ 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਕੰਮ ਕਰ ਰਹੇ ਦਿੱਲੀ ਘੱਟ ਗਿਣਤੀ ਕਮਿਸ਼ਨ ਵੱਲੋਂ ਸਿੱਖ ਬੱਚਿਆਂ ਨੂੰ ਸਿੱਖ ਮਾਈਨੋਰਿਟੀ ਸਰਟੀਫਿਕੇਟ ਜਾਰੀ ਕਰਨ ਦੇ ਮਾਮਲੇ ’ਤੇ ਦਿੱਤੇ ਹੁਕਮਾਂ ਨੂੰ ਅਦਾਲਤਾਂ ਵਿਚ ਚੁਣੌਤੀ ਦੇਵੇਗੀ ਅਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਏਗੀ। ਇਹ ਪ੍ਰਗਟਾਵਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਸਿੱਖ ਘੱਟ ਗਿਣਤੀ ਬੱਚਿਆਂ ਦੇ ਦਿੱਲੀ ਯੂਨੀਵਰਸਿਟੀ ਅਧੀਨ ਸਿੱਖ ਕਾਲਜਾਂ ਵਿਚ ਦਾਖਲ ਵਾਸਤੇ ਘੱਟ ਗਿਣਤੀ ਦਾ ਸਰਟੀਫਿਕੇਟ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਜਾਰੀ ਕੀਤਾ ਜਾਂਦਾ ਸੀ। ਉਹਨਾਂ ਦੱਸਿਆਕਿ ਪਿਛਲੇ ਸਮੇਂ ਵਿਚ ਇਕ ਵਿਦਿਆਰਥੀ ਨੇ ਇਸ ਵਿਵਸਥਾ ਨੂੰ ਕਮਿਸ਼ਨ ਵਿਚ ਚੁਣੌਤੀ ਦਿੱਤੀ ਸੀ ਜਿਸ ਮਾਮਲੇ ਵਿਚ ਕਮਿਸ਼ਨ ਨੇ ਹੁਣ ਫੈਸਲਾ ਸੁਣਾਇਆ ਹੈ ਕਿ ਕਿਸੇ ਵੀ ਸਰਕਾਰੀ ਵਿਭਾਗ, ਸਥਾਨਕ ਮਿਉਂਸਪੈਲਟੀ, ਪੰਚਾਇਤ, ਸਿੱਖਿਆ ਬੋਰਡ, ਸਕੂਲ ਲੀਵਿੰਗ ਸਰਟੀਫਿਕੇਟ, ਦਿੱਲੀ ਘੱਟ ਗਿਣਤੀ ਕਮਿਸ਼ਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਸਰਟੀਫਿਕੇਟ ਹੁਣ ਦਿੱਲੀ ਯੂਨੀਵਰਸਿਟੀ ਵਿਚ ਪ੍ਰਵਾਨ ਹੋਇਆ ਕਰਨਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਫੈਸਲਾਹੈ ਜਿਸਨੂੰ ਸਿੱਖ ਕੌਮ ਕਦੇ ਵੀ ਸਵੀਕਾਰ ਨਹੀਂ ਕਰੇਗੀ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਐਕਟ ਵਿਚ ਵੀ ਇਹ ਨਿਰਧਾਰਿਤ ਹੈ ਕਿ ਕੌਣ ਸਿੱਖ ਹੈ ਤੇਕੌਣ ਨਹੀਂ ਤੇ ਇਸ ਵਾਸਤੇ ਸਿੱਖਾਂ ਨੂੰ ਸਿੱਖ ਮਾਈਨੋਰਿਟੀ ਸਰਟੀਫਿਕੇਟ ਕਮੇਟੀ ਵੱਲੋਂ ਸਬੰਧਤ ਬੱਚੇ ਦੇ ਪਰਿਵਾਰ ਤੇ ਉਸਦੇ ਕੇਸਾਂ ਤੇ ਦਾੜ੍ਹੀ ਆਦਿ ਦੀ ਸਥਿਤੀ ਅਤੇ ਪਿਛੋਕੜ ਦੀ ਪੜਤਾਲ ਕਰਨ ਮਗਰੋਂ ਹੀ ਜਾਰੀ ਕੀਤਾ ਜਾਂਦਾ ਸੀ।
ਉਹਨਾਂ ਕਿਹਾ ਕਿ ਇਹ ਫੈਸਲਾ ਘੱਟ ਗਿਣਤੀ ਸਿੱਖਾਂ ਦੇ ਵਿਰੋਧ ਵਿਚ ਹੈ ਜਿਸਨੁੰ ਅਸੀਂ ਕਿਸੇ ਵੀ ਹਾਲਤ ਵਿਚ ਸਵੀਕਾਰ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਇਸਨੁੰ ਅਦਾਲਤਾਂ ਵਿਚ ਚੁਣੌਤੀ ਦੇਵਾਂਗੇ ਅਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਵਾਂਗੇ। ਉਹਨਾਂ ਕਿਹਾ ਕਿ ਜਿਸ ਦਿਨ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਦਿੱਲੀ ਦਾ ਇਹ ਘੱਟ ਗਿਣਤੀ ਕਮਿਸ਼ਨ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਨ ਦੀ ਥਾਂ ਉਹਨਾਂ ’ਤੇ ਡਾਕਾ ਮਾਰਨ ਦਾ ਕੰਮ ਕਰ ਰਿਹਾ ਹੈ ਜੋ ਬਹੁਤ ਹੀ ਨਿੰਦਣਯੋਗ ਹੈ।
ਉਹਨਾਂ ਕਿਹਾ ਕਿ ਪਹਿਲਾਂ ਵੀ ਕਮਿਸ਼ਨ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਿਚ ਨਾਕਾਮ ਰਿਹਾ ਹੈ ਭਾਵੇਂ ਉਹ ਏਡਡ ਸਕੂਲਾਂ ਦੇ ਸਟਾਫ ਭਰਤੀ ਦੀ ਗੱਲ ਹੋਵੇ, ਏਡਡ ਸਕੂਲਾਂ ਦੇ ਮੈਨੇਜਰ ਨਿਯੁਕਤ ਕਰਨ ਦਾ ਮਾਮਲਾ ਹੋਵੇ ਅਤੇ ਹੁਣ ਘੱਟ ਗਿਣਤੀ ਸਰਟੀਫਿਕੇਟ ਜਾਰੀ ਹੁੰਦੇ ਹਨ,ਮੁੱਦਾ ਬਣਾ ਦਿੱਤਾ ਗਿਆ ਹੈ।
ਇਸ ਮਾਮਲੇ ਵਿਚ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ’ਤੇ ਵਰ੍ਹਦਿਆਂ ਸਰਦਾਰ ਕਾਹਲੋਂ ਨੇ ਕਿਹਾ ਕਿ ਇਹ ਕੰਢੇ ਸਰਦਾਰ ਮਨਜੀਤ ਸਿੰਘ ਜੀ ਕੇ ਨੇਹੀ ਬੀਜੇ ਹਨ ਜੋ ਮੌਜੂਦਾ ਕਮੇਟੀ ਚੁੱਕ ਰਹੀ ਹੈ। ਉਹਨਾਂ ਕਿਹਾ ਕਿ ਜੀ ਕੇ ਵਰਗੇ ਲੋਕ ਸਰਕਾਰਾਂ ਨਾਲ ਮਿਲ ਕੇ ਆਪਣੀਆਂ ਰਾਜਸੀ ਰੋਟੀਆਂ ਸੇਕ ਰਹੇ ਹਨ। ਉਹਨਾਂ ਕਿਹਾ ਕਿ ਉਹ ਦਿੱਲੀ ਕਮੇਟੀ ਦੇ ਖਿਲਾਫ ਹਰ ਕੇਸ ਨੂੰ ਹੱਲਾਸ਼ੇਰੀ ਦਿੰਦੇ ਹਨ।
ਉਹਨਾਂ ਕਿਹਾ ਕਿ ਉਹਨਾਂ ਨੂੰ ਪੰਥ ਨਾਲ ਪਿਆਰ ਨਹੀ਼ ਹੈ ਤੇ ਉਹ ਆਪਣੀਆਂ ਰਾਜਸੀ ਰੋਟੀਆਂ ਸੇਕਣ ਨਾਲ ਪਿਆਰ ਕਰਦੇ ਹਨ। ਉਹਨਾਂ ਕਿਹਾ ਕਿ ਉਹ ਉਹਨਾਂ ਨੂੰ ਨਸੀਹਤ ਦਿੰਦੇ ਹਨ ਕਿ ਇਹ ਰਾਜਸੀ ਰੋਟੀਆਂ ਸੇਕਣੀਆਂ ਬੰਦ ਕਰਨ ਅਤੇ ਅਜਿਹਾ ਮਾਹੌਲ ਨਾ ਬਣਾਉਣ ਜਿਥੇ ਪੰਥ ਦਾ ਨੁਕਸਾਨ ਹੋਵੇ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਹਰ ਲੜਾਈ ਲੀਗਲ ਫਰੰਟ ’ਤੇ ਲੜਦੀ ਹੈ ਤੇ ਲੜਦੀ ਰਹੇਗੀ ਤੇ ਇਸ ਮਾਮਲੇ ’ਤੇ ਵੀ ਅਸੀਂ ਪੂਰੀ ਲੜਾਈ ਲੜਾਂਗੇ ਤੇ ਸਿੱਖ ਬੱਚਿਆਂ ਵਾਸਤੇ ਹੱਕ ਲੈ ਕੇ ਰਹਾਂਗੇ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਲੋਕਾਂ ਦੀ ਚੁਣੀ ਹੋਈ ਪ੍ਰਤੀਨਿਧ ਸੰਸਥਾ ਹੈ ਤੇ ਕੌਣ ਸਿੱਖ ਹੈ ਤੇ ਕੌਣ ਨਹੀਂ, ਇਹ ਕਮੇਟੀ ਹੀ ਤੈਅ ਕਰ ਸਕਦੀ ਹੈ ਨਾ ਕਿ ਕੋਈ ਸਰਕਾਰੀ ਵਿਭਾਗ ਤੈਅ ਕਰ ਸਕਦਾ ਹੈ।