Atishi

ਦਿੱਲੀ ਸਰਕਾਰ ਨੂੰ ਮਿਲਣਗੇ ਨਵੇਂ ਕੈਬਨਿਟ ਮੰਤਰੀ, ਇਹ ਮੰਤਰੀ ਚੁੱਕਣਗੇ ਸਹੁੰ

ਚੰਡੀਗੜ੍ਹ, 19 ਸਤੰਬਰ 2024: ਆਤਿਸ਼ੀ (Atishi) 21 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ ਹੋਰ ਮੰਤਰੀ ਵੀ ਸਹੁੰ ਚੁੱਕਣਗੇ। ਇਨ੍ਹਾਂ ‘ਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਮੁਕੇਸ਼ ਅਹਲਾਵਤਅਤੇ ਇਮਰਾਨ ਹੁਸੈਨ ਦਿੱਲੀ ਸਰਕਾਰ (Delhi government) ‘ਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣਗੇ। ਮੁਕੇਸ਼ ਅਹਲਾਵਤ ਸੁਲਤਾਨਪੁਰੀ ਤੋਂ ਵਿਧਾਇਕ ਹਨ।

ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਆਤਿਸ਼ੀ 21 ਸਤੰਬਰ ਨੂੰ ਹੋਰ ਮੰਤਰੀਆਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਜਿਕਰਯੋਗ ਹੈ ਕਿ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਸਰਕਾਰ ਦੇ ਗਠਨ ਦੇ ਪ੍ਰਸਤਾਵ ਦੇ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜਿਆ ਸੀ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਆਤਿਸ਼ੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਸੀ। ਮੰਗਲਵਾਰ ਸ਼ਾਮ ਕੇਜਰੀਵਾਲ ਨੇ ਦਿੱਲੀ ਐੱਲ.ਜੀ. ਨੂੰ ਅਸਤੀਫਾ ਸੌਂਪ ਦਿੱਤਾ | ਆਤਿਸ਼ੀ (Atishi) ਨੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕੀਤਾ। ਉਪ ਰਾਜਪਾਲ ਨੇ ਬੁੱਧਵਾਰ ਨੂੰ ਦੋਵੇਂ ਪ੍ਰਸਤਾਵਾਂ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ਭੇਜ ਦਿੱਤਾ। ਇਸ ‘ਚ ਐਲਜੀ ਨੇ ਰਾਸ਼ਟਰਪਤੀ ਨੂੰ 21 ਸਤੰਬਰ ਨੂੰ ਆਤਿਸ਼ੀ ਨੂੰ ਸਹੁੰ ਚੁਕਾਉਣ ਦਾ ਪ੍ਰਸਤਾਵ ਵੀ ਦਿੱਤਾ। ਇਹ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਭੇਜੀ ਗਈ ਸੀ।

ਦਿੱਲੀ ਦੀ ‘ਆਪ’ ਸਰਕਾਰ (Delhi government)  ‘ਚ 10 ਸਾਲਾਂ ਬਾਅਦ ਮੁੱਖ ਮੰਤਰੀ ਕੋਲ ਕੋਈ ਨਾ ਕੋਈ ਵਿਭਾਗ ਹੋ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਆਤਿਸ਼ੀ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗ ਸਮੇਤ ਅਹਿਮ ਵਿਭਾਗ ਆਪਣੇ ਕੋਲ ਰੱਖਣਗੇ ਜਦਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਈ ਵੀ ਵਿਭਾਗ ਆਪਣੇ ਕੋਲ ਨਹੀਂ ਰੱਖਿਆ ਸੀ। ਹਾਲਾਂਕਿ ਉਹ ਕੁਝ ਸਮਾਂ ਜਲ ਵਿਭਾਗ ਦੀ ਦੇਖ-ਰੇਖ ਕਰਦੇ ਰਹੇ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਉਹ ਵਿਭਾਗ ਵੀ ਛੱਡ ਦਿੱਤਾ ਸੀ |

ਆਮ ਆਦਮੀ ਪਾਰਟੀ ਤੋਂ ਵਿਧਾਇਕ ਦਲ ਦੇ ਆਗੂ ਚੁਣੀ ਗਈ ਆਤਿਸ਼ੀ (Atishi) ਦੀ ਅਗਵਾਈ ‘ਚ ਬਣੀ ਦਿੱਲੀ ਸਰਕਾਰ ਦੀ ਪਹਿਲੀ ਕੈਬਨਿਟ ‘ਚ ਦਿੱਲੀ ਦੀ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਪਾਸ ਹੋ ਸਕਦੀ ਹੈ। ਉਮੀਦ ਹੈ ਕਿ ਨਵੀਂ ਸਰਕਾਰ ਦੀ ਪਹਿਲੀ ਮੰਤਰੀ ਮੰਡਲ ਬੈਠਕ ਅਕਤੂਬਰ ਦੇ ਪਹਿਲੇ ਹਫ਼ਤੇ ਹੋਵੇਗੀ। ਇਸ ਬੈਠਕ ‘ਚ ਕਈ ਮੁੱਦਿਆਂ ‘ਤੇ ਚਰਚਾ ਹੋਵੇਗੀ। ਇਸ ‘ਚ ਦਿੱਲੀ ਦੀ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ‘ਤੇ ਪ੍ਰਮੁੱਖਤਾ ਨਾਲ ਚਰਚਾ ਕੀਤੀ ਜਾਵੇਗੀ।

ਦਿੱਲੀ ਸਰਕਾਰ ਨੇ ਇਸ ਯੋਜਨਾ ਲਈ ਬਜਟ ‘ਚ 2,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਇਸ ਯੋਜਨਾ ਤਹਿਤ ਦਿੱਲੀ ‘ਚ 18 ਸਾਲ ਤੋਂ ਵੱਧ ਉਮਰ ਦੀ ਹਰ ਬੀਬੀ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਟੀਚਾ ਹੈ। ਹਾਲਾਂਕਿ, ਜੋ ਬੀਬੀਆਂ ਨੌਕਰੀ ਕਰਦੀਆਂ ਹਨ ਜਾਂ ਵਿੱਤੀ ਲਾਭ ਕਮਾ ਰਹੀਆਂ ਹਨ, ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਇਸ ਤੋਂ ਇਲਾਵਾ ਦਿੱਲੀ ਜਲ ਬੋਰਡ ਦੀ ਬਿੱਲ ਮੁਆਫੀ ਸਕੀਮ ਸਮੇਤ ਲੋਕ ਹਿੱਤ ਨਾਲ ਸਬੰਧਤ ਹੋਰ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ।

Scroll to Top