Delhi : ਪਿਤਾ ਨੇ ਆਪਣੀਆਂ 4 ਅਪਾਹਜ ਧੀਆਂ ਸਣੇ ਕੀਤੀ ਖੁ.ਦ.ਕੁ.ਸ਼ੀ

28 ਸਤੰਬਰ 2024:  ਦਿੱਲੀ ‘ਚ ਇਕ ਵਾਰ ਫਿਰ ਬੁਰਾੜੀ ਕਾਂਡ ਵਰਗੀ ਸਨਸਨੀ ਫੈਲ ਗਈ ਜਦੋਂ ਘਰ ‘ਚੋਂ 5 ਲਾਸ਼ਾਂ ਮਿਲੀਆਂ। ਪਿੰਡ ਰੰਗਪੁਰੀ ਵਿੱਚ ਇੱਕ ਪਿਤਾ ਨੇ ਆਪਣੀਆਂ ਚਾਰ ਅਪਾਹਜ ਧੀਆਂ ਸਮੇਤ ਖੁਦਕੁਸ਼ੀ ਕਰ ਲਈ। ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ 50 ਸਾਲਾ ਹੀਰਾਲਾਲ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਪੁਲਿਸ ਨੇ ਸ਼ੁੱਕਰਵਾਰ ਸਵੇਰੇ ਸਾਰਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਤੋਂ ਬਰਾਮਦ ਕੀਤੀਆਂ। ਹੀਰਾਲਾਲ ਦੀਆਂ ਚਾਰ ਧੀਆਂ ਸਨ: 18 ਸਾਲ ਦੀ ਨੀਤੂ, 15 ਸਾਲ ਦੀ ਨਿਸ਼ੀ, 10 ਸਾਲ ਦੀ ਨੀਰੂ ਅਤੇ 8 ਸਾਲ ਦੀ ਨਿਧੀ।

 

ਹੀਰਾਲਾਲ ਪੇਸ਼ੇ ਤੋਂ ਤਰਖਾਣ ਸੀ ਅਤੇ ਉਸ ਦੀ ਪਤਨੀ ਦੀ ਕੈਂਸਰ ਨਾਲ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਪਤਨੀ ਦੀ ਮੌਤ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਰਹਿਣ ਲੱਗਾ। ਪੁਲੀਸ ਅਨੁਸਾਰ ਉਸ ਦੀਆਂ ਧੀਆਂ ਅਪਾਹਜ ਸਨ, ਜਿਸ ਕਾਰਨ ਉਹ ਤੁਰਨ-ਫਿਰਨ ਤੋਂ ਅਸਮਰੱਥ ਸਨ ਅਤੇ ਇਹ ਸਥਿਤੀ ਹੀਰਾਲਾਲ ਲਈ ਮਾਨਸਿਕ ਬੋਝ ਬਣ ਗਈ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।

 

ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ‘ਚ ਹੀਰਾਲਾਲ ਨੂੰ 24 ਤਰੀਕ ਨੂੰ ਘਰ ‘ਚ ਦਾਖਲ ਹੁੰਦੇ ਦੇਖਿਆ ਗਿਆ। ਉਦੋਂ ਤੋਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਪੁਲਸ ਨੂੰ ਮੌਕੇ ‘ਤੇ ਸਲਫਾਸ ਦੇ ਥੈਲੇ ਮਿਲੇ ਹਨ, ਅਤੇ ਜਾਂਚ ਕਰ ਰਹੀ ਹੈ ਕਿ ਕੀ ਹੀਰਾਲਾਲ ਨੇ ਆਪਣੀਆਂ ਬੇਟੀਆਂ ਨੂੰ ਜ਼ਹਿਰ ਦੇ ਕੇ ਖੁਦਕੁਸ਼ੀ ਕੀਤੀ ਹੈ ਜਾਂ ਨਹੀਂ।

 

ਪੁਲਿਸ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਮਾਮਲੇ ਦੀ ਸੂਚਨਾ ਮਿਲੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਦੇਖਿਆ ਕਿ ਕਮਰੇ ਨੂੰ ਤਾਲਾ ਲੱਗਾ ਹੋਇਆ ਸੀ। ਦਿੱਲੀ ਫਾਇਰ ਸਰਵਿਸ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਦਰਵਾਜ਼ਾ ਤੋੜਿਆ ਗਿਆ, ਜਿਸ ਤੋਂ ਬਾਅਦ ਕਮਰੇ ਵਿੱਚੋਂ ਪੰਜ ਲਾਸ਼ਾਂ ਮਿਲੀਆਂ। ਚਾਰੇ ਧੀਆਂ ਦੇ ਢਿੱਡ ਅਤੇ ਗਲੇ ਵਿੱਚ ਲਾਲ ਕਲਵਾ ਬੰਨ੍ਹਿਆ ਹੋਇਆ ਸੀ। ਸਾਰੀਆਂ ਬੇਟੀਆਂ ਦੀਆਂ ਲਾਸ਼ਾਂ ਡਬਲ ਬੈੱਡ ‘ਤੇ ਪਈਆਂ ਸਨ ਅਤੇ ਹੀਰਾਲਾਲ ਦੀ ਲਾਸ਼ ਦੂਜੇ ਕਮਰੇ ‘ਚ ਪਈ ਸੀ। ਸਾਰਿਆਂ ਦੇ ਮੂੰਹੋਂ ਚਿੱਟੀ ਝੱਗ ਨਿਕਲ ਰਹੀ ਸੀ।

 

ਹੀਰਾਲਾਲ ਦੀ ਮਾਨਸਿਕ ਸਥਿਤੀ
ਪਤਨੀ ਦੀ ਮੌਤ ਤੋਂ ਬਾਅਦ ਹੀਰਾਲਾਲ ਦੀ ਮਾਨਸਿਕ ਹਾਲਤ ਵਿਗੜ ਗਈ ਸੀ। ਉਹ ਸਵੇਰੇ ਕੰਮ ‘ਤੇ ਜਾਣ ਤੋਂ ਪਹਿਲਾਂ ਆਪਣੀਆਂ ਧੀਆਂ ਲਈ ਖਾਣ-ਪੀਣ ਦਾ ਪ੍ਰਬੰਧ ਕਰਦਾ ਅਤੇ ਸ਼ਾਮ ਨੂੰ ਆ ਕੇ ਉਨ੍ਹਾਂ ਦੀ ਦੇਖਭਾਲ ਕਰਦਾ। ਘਰ ਚਲਾਉਣ ਅਤੇ ਚਾਰ ਅਪਾਹਜ ਧੀਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਤੋਂ ਹੀਰਾਲਾਲ ਦੇ ਹੌਸਲੇ ਫੇਲ੍ਹ ਹੋਣ ਲੱਗੇ, ਜਿਸ ਕਾਰਨ ਉਸ ਨੇ ਇਹ ਦੁਖਦਾਈ ਕਦਮ ਚੁੱਕਿਆ।

 

ਪੁਲਿਸ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਵਿੱਚ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ ਪਰ ਉਹ ਮਾਮਲੇ ਦੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ।

 

Scroll to Top