ਚੰਡੀਗੜ੍ਹ, 16 ਸਤੰਬਰ 2024: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ‘ਆਪ’ ਦਿੱਲੀ (Delhi) ਨੂੰ ਆਪਣਾ ਪਹਿਲਾ ਮੁੱਖ ਮੰਤਰੀ ਅਨੁਸੂਚਿਤ ਜਾਤੀ ਤੋਂ ਮਿਲ ਸਕਦਾ ਹੈ। ਚਰਚਾ ਹੈ ਕਿ ਜੇਕਰ ‘ਆਪ’ ਇਸ ਰਣਨੀਤੀ ਨਾਲ ਅੱਗੇ ਵਧਦੀ ਹੈ ਤਾਂ ਇਹ ਰਾਸ਼ਟਰੀ ਪੱਧਰ ‘ਤੇ ਵੱਡਾ ਸਿਆਸੀ ਸੰਦੇਸ਼ ਜਾਵੇਗਾ। ਇਸਦਾ ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ਵਿਧਾਨ ਸਭਾ ਚੋਣਾਂ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।
ਇਸਦੇ ਨਾਲ ਹੀ ਮੌਜੂਦਾ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਵੀ ਨਵੇਂ ਮੁੱਖ ਮੰਤਰੀ ਦੀ ਦੌੜ ‘ਚ ਹਨ। ਪਾਰਟੀ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਰਾਸ਼ਟਰੀ ਪੱਧਰ ਦੀ ਪਾਰਟੀ ‘ਆਪ’ ਦਿੱਲੀ ਅਤੇ ਪੰਜਾਬ ਤੋਂ ਬਾਅਦ ਹੋਰਨਾਂ ਸੂਬਿਆਂ ‘ਚ ਆਪਣੀ ਪਕੜ ਮਜ਼ਬੂਤ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਹੁਣ ਪਹਿਲ ‘ਤੇ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ‘ਚ ਵੀ ਨਵੰਬਰ ਵਿੱਚ ਚੋਣਾਂ ਹੋਣੀਆਂ ਹਨ।
ਜਿਕਰਯੋਗ ਹੈ ਕਿ 1952 ਤੋਂ ਹੁਣ ਤੱਕ ਦਿੱਲੀ (Delhi) ‘ਚ ਸੱਤ ਮੁੱਖ ਮੰਤਰੀ ਰਹਿ ਚੁੱਕੇ ਹਨ। ਸਭ ਤੋਂ ਪਹਿਲਾਂ ਮੁੱਖ ਮੰਤਰੀ ਬ੍ਰਹਮ ਪ੍ਰਕਾਸ਼ ਯਾਦਵ ਭਾਈਚਾਰੇ ‘ਚੋਂ ਆਏ ਸਨ। ਦੂਜਾ ਮੁੱਖ ਮੰਤਰੀ ਗੁਰਮੁਖ ਨਿਹਾਲ ਸਿੰਘ ਸਿੱਖ ਭਾਈਚਾਰੇ ‘ਚੋਂ ਸੀ। ਉਸ ਤੋਂ ਬਾਅਦ 1993 ‘ਚ ਮਦਨ ਲਾਲ ਨਾਂ ਦਾ ਪੰਜਾਬੀ ਮੁੱਖ ਮੰਤਰੀ ਬਣਿਆ। ਫਿਰ ਸਾਹਿਬ ਸਿੰਘ ਵਰਮਾ, ਸੁਸ਼ਮਾ ਸਵਰਾਜ, ਸ਼ੀਲਾ ਦੀਕਸ਼ਤ ਅਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ। ਉਨ੍ਹਾਂ ‘ਚ ਕੋਈ ਐਸਸੀ ਚਿਹਰਾ ਨਹੀਂ ਸੀ।