ਚੰਡੀਗੜ੍ਹ, 14 ਅਪ੍ਰੈਲ 2025: ਦਿੱਲੀ ਕੈਪੀਟਲਜ਼ (Delhi Capitals) ਐਤਵਾਰ ਨੂੰ ਆਈਪੀਐਲ 2025 ‘ਚ ਖੇਡੇ ਦੂਜੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਕਰੁਣ ਨਾਇਰ (Karun Nair) ਦੀ ਬੱਲੇਬਾਜ਼ੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਕਰੁਣ ਲਗਭਗ ਤਿੰਨ ਸਾਲਾਂ ਬਾਅਦ ਆਈਪੀਐਲ ‘ਚ ਬੱਲੇਬਾਜ਼ੀ ਕਰਨ ਲਈ ਉਤਰੇ ਅਤੇ ਮੁੰਬਈ ਇੰਡੀਅਨਜ਼ ਵਿਰੁੱਧ 40 ਗੇਂਦਾਂ ‘ਚ 12 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 89 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਸਮੇਂ ਦੌਰਾਨ ਕਰੁਣ ਦਾ ਸਟ੍ਰਾਈਕ ਰੇਟ 222.50 ਸੀ।
ਕਰੁਣ (Karun Nair) ਦੀ ਇਸ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ, ਕਰੁਣ ਦਾ ਇੱਕ ਪੁਰਾਣਾ ਟਵੀਟ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕ੍ਰਿਕਟ ‘ਚ ਆਪਣੇ ਆਪ ਨੂੰ ਇੱਕ ਹੋਰ ਮੌਕਾ ਦੇਣ ਦੀ ਗੱਲ ਕਰ ਰਿਹਾ ਹੈ। ਸਿਰਫ਼ ਆਈਪੀਐਲ ਹੀ ਨਹੀਂ, ਕਰੁਣ ਨੇ ਹਾਲ ਹੀ ‘ਚ ਘਰੇਲੂ ਕ੍ਰਿਕਟ ‘ਚ ਵੀ ਬਹੁਤ ਦੌੜਾਂ ਬਣਾਈਆਂ ਹਨ ਪਰ ਉਸਨੂੰ ਰਾਸ਼ਟਰੀ ਟੀਮ ‘ਚ ਮੌਕਾ ਨਹੀਂ ਮਿਲ ਸਕਿਆ। ਜੇਕਰ ਉਹ ਆਈਪੀਐਲ ‘ਚ ਇਹ ਪ੍ਰਦਰਸ਼ਨ ਜਾਰੀ ਰੱਖਦਾ ਹੈ ਤਾਂ ਚੋਣਕਾਰ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਲਈ ਉਨ੍ਹਾਂ ਦੇ ਨਾਮ ‘ਤੇ ਵਿਚਾਰ ਕਰ ਸਕਦੇ ਹਨ। ਇੰਗਲੈਂਡ ਦੌਰੇ ਲਈ ਭਾਰਤੀ ਟੀਮ ‘ਚ ਬਦਲਾਅ ਦੀ ਸੰਭਾਵਨਾ ਹੈ।
33 ਸਾਲਾ ਕਰੁਣ (Karun Nair) ਦੇ ਪੁਰਾਣੇ ਟਵੀਟ ‘ਚ ਜੋ ਵਾਇਰਲ ਹੋ ਰਿਹਾ ਹੈ, ਉਨ੍ਹਾਂ ਨੇ ਲਿਖਿਆ ਸੀ – ‘ਪਿਆਰੇ ਕ੍ਰਿਕਟ! ਕਿਰਪਾ ਕਰਕੇ ਮੈਨੂੰ ਇੱਕ ਹੋਰ ਮੌਕਾ ਦਿਓ। ਦਸੰਬਰ 2022 ‘ਚ, ਕਰੁਣ ਨੇ ਇਹ ਟਵੀਟ ਕੀਤਾ ਸੀ। ਉਦੋਂ ਉਸਦਾ ਕਰੀਅਰ ਲਗਭਗ ਖਤਮ ਹੋ ਗਿਆ ਸੀ। ਅਜਿਹੀ ਸਥਿਤੀ ‘ਚ, ਇੱਕ ਪੂਰੀ ਤਰ੍ਹਾਂ ਟੁੱਟੇ ਹੋਏ ਕਰੁਣ ਨੇ ਇਹ ਪੋਸਟ ਕੀਤੀ ਸੀ। ਇਸ ਪੋਸਟ ਤੋਂ ਬਾਅਦ, ਪਿਛਲੇ ਦੋ ਸਾਲਾਂ ‘ਚ ਕਰੁਣ ਲਈ ਕੁਝ ਚਮਤਕਾਰ ਹੋਇਆ ਹੈ ਅਤੇ ਉਨ੍ਹਾਂ ਨੇ ਦੁਬਾਰਾ ਭਾਰਤੀ ਟੀਮ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਹੈ।
ਕਰੁਣ ਨਾਇਰ ਨੇ ਹਾਲ ਹੀ ‘ਚ ਹੋਈ ਵਿਜੇ ਹਜ਼ਾਰੇ ਟਰਾਫੀ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਰੁਣ ਨੇ ਇਸ ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ ਬਣਾਈਆਂ ਅਤੇ ਇਕੱਲੇ ਹੀ ਆਪਣੀ ਟੀਮ ਨੂੰ ਫਾਈਨਲ ‘ਚ ਪਹੁੰਚਾਇਆ ਸੀ। ਹਾਲਾਂਕਿ, ਫਾਈਨਲ ‘ਚ ਟੀਮ ਵਿਦਰਭ ਨੂੰ ਕਰਨਾਟਕ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕਰੁਣ ਨੇ ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ ਅੱਠ ਪਾਰੀਆਂ ‘ਚ 389.50 ਦੀ ਔਸਤ ਅਤੇ 124.04 ਦੇ ਸਟ੍ਰਾਈਕ ਰੇਟ ਨਾਲ 779 ਦੌੜਾਂ ਬਣਾਈਆਂ। ਇਨ੍ਹਾਂ ‘ਚ ਪੰਜ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ। ਉਸਦਾ ਸਭ ਤੋਂ ਵਧੀਆ ਵਿਅਕਤੀਗਤ ਸਕੋਰ 163 ਦੌੜਾਂ ਨਾਬਾਦ ਸੀ।
Read More: MI ਬਨਾਮ DC: ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 12 ਦੌੜਾਂ ਨਾਲ ਹਰਾਇਆ