ਚੰਡੀਗੜ੍ਹ, 16 ਮਾਰਚ 2023: ਦਿੱਲੀ ਕੈਪੀਟਲਸ (Delhi Capitals) ਟੀਮ ਨੇ ਆਈਪੀਐੱਲ 2023 ਲਈ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਡੇਵਿਡ ਵਾਰਨਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ ਲਈ ਦਿੱਲੀ ਟੀਮ ਦੀ ਕਮਾਨ ਸੌਂਪੀ ਗਈ ਹੈ। ਇਸ ਦੇ ਨਾਲ ਹੀ ਅਕਸ਼ਰ ਪਟੇਲ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਦਿੱਲੀ ਦੇ ਰੈਗੂਲਰ ਕਪਤਾਨ ਰਿਸ਼ਭ ਪੰਤ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਕੇ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਪੰਤ ਦੇ ਅਗਲੇ ਸੀਜ਼ਨ ‘ਚ ਵਾਪਸੀ ਦੀ ਉਮੀਦ ਹੈ।
ਡੇਵਿਡ ਵਾਰਨਰ ਇਸ ਤੋਂ ਪਹਿਲਾਂ ਆਈਪੀਐਲ ਵਿੱਚ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ ਕਰ ਚੁੱਕੇ ਹਨ। ਉਸ ਨੇ 2016 ਵਿੱਚ ਟੀਮ ਨੂੰ ਚੈਂਪੀਅਨ ਬਣਾਇਆ ਸੀ। ਉਹ 2022 ਵਿੱਚ ਦਿੱਲੀ ਟੀਮ ਵਿੱਚ ਸ਼ਾਮਲ ਹੋਇਆ ਸੀ। ਉਸ ਨੂੰ ਫ੍ਰੈਂਚਾਇਜ਼ੀ ਨੇ ਮੈਗਾ ਨਿਲਾਮੀ ‘ਚ 6.25 ਕਰੋੜ ਰੁਪਏ ‘ਚ ਖਰੀਦਿਆ ਸੀ। ਵਾਰਨਰ ਨੇ ਇਸ ਤੋਂ ਬਾਅਦ ਸੀਜ਼ਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਾਰਨਰ ਨੇ 12 ਮੈਚਾਂ ਵਿੱਚ 48 ਦੀ ਔਸਤ ਨਾਲ 432 ਦੌੜਾਂ ਬਣਾਈਆਂ ਹਨ । ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 150.52 ਰਿਹਾ। ਵਾਰਨਰ ਦੇ ਬੱਲੇ ਤੋਂ ਪੰਜ ਅਰਧ ਸੈਂਕੜੇ ਨਿਕਲੇ।
ਵਾਰਨਰ ਇਸ ਤੋਂ ਪਹਿਲਾਂ 2009 ਤੋਂ 2013 ਤੱਕ ਵੀ ਦਿੱਲੀ ਫਰੈਂਚਾਇਜ਼ੀ (Delhi Capitals) ਦਾ ਹਿੱਸਾ ਸੀ। ਉਦੋਂ ਟੀਮ ਦਾ ਨਾਂ ਦਿੱਲੀ ਡੇਅਰਡੇਵਿਲਜ਼ ਸੀ। ਦੂਜੇ ਪਾਸੇ ਅਕਸ਼ਰ ਪਟੇਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ 2019 ‘ਚ ਦਿੱਲੀ ਨੇ ਆਪਣੀ ਟੀਮ ‘ਚ ਸ਼ਾਮਲ ਕੀਤਾ ਸੀ। ਉਹ ਫਰੈਂਚਾਇਜ਼ੀ ਦਾ ਇੱਕ ਮਹੱਤਵਪੂਰਨ ਮੈਂਬਰ ਹੈ। ਅਕਸ਼ਰ ਪਟੇਲ ਨੇ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਿੱਲੀ ਕੈਪੀਟਲਜ਼ ਦੀ ਟੀਮ 1 ਅਪ੍ਰੈਲ ਨੂੰ ਲਖਨਊ ‘ਚ ਲਖਨਊ ਸੁਪਰਜਾਇੰਟਸ ਦੇ ਖਿਲਾਫ IPL ਦੇ ਆਗਾਮੀ ਸੀਜ਼ਨ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।