ਚੰਡੀਗੜ੍ਹ 29 ਜੂਨ 2022: ਦਿੱਲੀ (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਕੈਬਨਿਟ ਨੇ 1950 ਬੱਸਾਂ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਬੱਸਾਂ ਅਗਸਤ ਤੋਂ ਸਤੰਬਰ ਤੱਕ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਇਲਾਵਾ 4800 ਬੱਸਾਂ ਲਈ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ। ਵਰਤਮਾਨ ਸਮੇਂ ‘ਚ ਦਿੱਲੀ ਸਰਕਾਰ ਦੇ ਕੋਲ 7200 ਬੱਸਾਂ ਹਨ। ਜਲਦੀ ਹੀ ਨਵੀਆਂ ਬੱਸਾਂ ਲਿਆਂਦੀ ਜਾਣਗੀਆਂ ਅਤੇ ਬੱਸਾਂ ਦੀ ਗਿਣਤੀ 13 ਹਜ਼ਾਰ ਨੂੰ ਪਾਰ ਕਰ ਜਾਵੇਗੀ। ਇਸਦੇ ਨਾਲ ਹੀ ਫੈਸਲਾ ਲਿਆ ਗਿਆ ਕਿ ਸਾਰਾ ਟਰਾਂਸਪੋਰਟ ਸਿਸਟਮ ਅੰਤਰਰਾਸ਼ਟਰੀ ਮਿਆਰ ਦਾ ਬਣਾਇਆ ਜਾਵੇਗਾ।
ਇਸਦੇ ਨਾਲ ਹੀ ਸ਼ਹਿਰੀ ਖੇਤੀ ਨੂੰ ਵੀ ਕੈਬਨਿਟ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਤਹਿਤ ਜੇਕਰ ਲੋਕ ਆਪਣੇ ਘਰਾਂ ਦੀਆਂ ਛੱਤਾਂ ‘ਤੇ ਸ਼ਹਿਰੀ ਖੇਤੀ ਕਰਨਾ ਚਾਹੁੰਦੇ ਹਨ ਤਾਂ ਦਿੱਲੀ (Delhi) ਸਰਕਾਰ ਉਨ੍ਹਾਂ ਦੀ ਮਦਦ ਕਰੇਗੀ।ਇਸ ਤੋਂ ਇਲਾਵਾ ਗਰੀਬਾਂ ਲਈ ਮੁਫ਼ਤ ਰਾਸ਼ਨ ਯੋਜਨਾ ਨੂੰ 30 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਬਜਟ ਵਿੱਚ ਸ਼ਹਿਰੀ ਖੇਤੀ ਦੀ ਗੱਲ ਕੀਤੀ ਸੀ।
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਇਸਨੂੰ 2 ਭਾਗਾਂ ਵਿੱਚ ਵੰਡਿਆ ਹੈ, ਇੱਕ ਉਹ ਜੋ ਆਪਣੇ ਘਰੇਲੂ ਵਰਤੋਂ ਲਈ ਸਬਜ਼ੀਆਂ ਜਾਂ ਫਲ ਉਗਾਉਣਾ ਚਾਹੁੰਦੇ ਹਨ ਅਤੇ ਦੂਜਾ ਜੋ ਖੇਤੀ ਨੂੰ ਆਪਣੇ ਕਾਰੋਬਾਰ ਵਜੋਂ ਕਰਨਾ ਚਾਹੁੰਦੇ ਹਨ। ਅਸੀਂ ਵੱਡੇ ਪੱਧਰ ‘ਤੇ ਮਾਹਿਰਾਂ ਦੀ ਭਰਤੀ ਕਰ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਭਾਰਤੀ ਖੇਤੀ ਖੋਜ ਸੰਸਥਾਨ ਨਾਲ ਮਿਲ ਕੇ ਕੰਮ ਕਰਾਂਗੇ। ਇਹ ਮਾਹਿਰ ਦਿੱਲੀ ਭਰ ਵਿੱਚ 400 ਵਰਕਸ਼ਾਪਾਂ ਦਾ ਆਯੋਜਨ ਕਰਨਗੇ ਜਿਸ ਵਿੱਚ ਲੋਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ।