ਚੰਡੀਗੜ੍ਹ, 01 ਅਪ੍ਰੈਲ 2023: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਰਿਹਾਈ ਦਾ ਇੰਤਜ਼ਾਰ ਵਧਦਾ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਉਹ ਦੁਪਹਿਰ 3 ਵਜੇ ਤੱਕ ਬਾਹਰ ਆ ਜਾਵੇਗਾ, ਪਰ ਅਜੇ ਤੱਕ ਬਾਹਰ ਨਹੀਂ ਆ ਸਕੇ। ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਦਾ ਕਹਿਣਾ ਹੈ ਕਿ ਅਜੇ ਕਾਗਜ਼ੀ ਕਾਰਵਾਈ ਚੱਲ ਰਹੀ ਹੈ। ਦੂਜੇ ਪਾਸੇ ਸਾਬਕਾ ਵਿਧਾਇਕ ਨਵਤੇਜ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀ ਰਿਹਾਈ ਵਿੱਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ।
ਨਵਜੋਤ ਸਿੰਘ ਸਿੱਧੂ (Navjot Singh Sidhu) 48 ਦਿਨਾਂ ਪਹਿਲਾਂ ਪਟਿਆਲਾ ਕੇਂਦਰੀ ਜੇਲ੍ਹ ਤੋਂ ਬਾਹਰ ਆਉਣਗੇ। ਸਿੱਧੂ ਨੇ ਪਟਿਆਲਾ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਕੱਟੀ । ਉਨ੍ਹਾਂ ਦੀ ਰਿਹਾਈ ਦੀ ਖੁਸ਼ੀ ਵਿੱਚ ਸਮਰਥਕ ਪਟਿਆਲਾ ਜੇਲ੍ਹ ਦੇ ਬਾਹਰ ਢੋਲ ਵਜਾ ਰਹੇ ਹਨ। ਇਸ ਦੇ ਨਾਲ ਹੀ ਹਾਈਕਮਾਂਡ ਨੇ ਅੱਜ ਦੇ ਸੂਬਾ ਪੱਧਰੀ ਪ੍ਰੋਗਰਾਮ ਰੱਦ ਕਰ ਦਿੱਤੇ ਹਨ ਅਤੇ ਆਗੂਆਂ ਨੂੰ ਸਿੱਧੂ ਦੇ ਸਵਾਗਤ ਲਈ ਆਉਣ ਲਈ ਕਿਹਾ ਹੈ।
ਅੱਜ ਅਭਿਜੀਤ ਮੁਹੂਰਤ ਦੁਪਹਿਰ 11.58 ਤੋਂ 12.40 ਵਜੇ ਤੱਕ ਅਤੇ ਵਿਜੇ ਮੁਹੂਰਤ ਦੁਪਹਿਰ 2.04 ਤੋਂ 2.46 ਵਜੇ ਤੱਕ ਸੀ, ਪਰ ਇਨ੍ਹਾਂ ਦੋਵਾਂ ਮੁਹੂਰਤਾਂ ਵਿੱਚ ਬਾਹਰ ਨਹੀਂ ਆ ਸਕੇ। ਪਰਿਵਾਰਕ ਸੂਤਰਾਂ ਅਨੁਸਾਰ ਹੁਣ ਤੱਕ ਸਿੱਧੂ ਨੇ ਜ਼ਿਆਦਾਤਰ ਕੰਮ ਅਭਿਜੀਤ ਮੁਹੱਰਤੇ ‘ਤੇ ਹੀ ਕੀਤੇ ਹਨ।