ਦਿੱਲੀ, 09 ਮਈ 2025: ਭਾਰਤ ਅਤੇ ਪਾ.ਕਿ.ਸ.ਤਾ.ਨ ਵਿਚਕਾਰ ਚੱਲ ਰਹੇ ਫੌਜੀ ਤਣਾਅ ਦੇ ਵਿਚਕਾਰ ਕੇਂਦਰ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਹੁਣ ਫੌਜ ਮੁਖੀ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਲੋੜ ਪੈਣ ‘ਤੇ ਰੈਗੂਲਰ ਫੌਜ ਦੀ ਮੱਦਦ ਕਰਨ ਜਾਂ ਉਸਦੀ ਤਾਕਤ ਵਧਾਉਣ ਲਈ ਟੈਰੀਟੋਰੀਅਲ ਫੌਜ ਦੇ ਹਰੇਕ ਅਧਿਕਾਰੀ ਅਤੇ ਸਿਪਾਹੀ ਨੂੰ ਤਾਇਨਾਤ ਕਰ ਸਕਦੇ ਹਨ।
ਕੇਂਦਰੀ ਰੱਖਿਆ ਮੰਤਰਾਲੇ ਦੇ ਫੌਜੀ ਮਾਮਲਿਆਂ ਦੇ ਵਿਭਾਗ ਵੱਲੋਂ 6 ਮਈ ਨੂੰ ਜਾਰੀ ਕੀਤੇ ਇੱਕ ਨੋਟੀਫਿਕੇਸ਼ਨ ਮੁਤਾਬਕ ਇਹ ਹੁਕਮ 10 ਫਰਵਰੀ, 2025 ਤੋਂ ਲਾਗੂ ਹੋਵੇਗਾ ਅਤੇ 9 ਫਰਵਰੀ, 2028 ਤੱਕ ਲਾਗੂ ਰਹੇਗਾ। ਇਸਦਾ ਮਤਲਬ ਹੈ ਕਿ ਅਗਲੇ ਤਿੰਨ ਸਾਲਾਂ ਲਈ ਫੌਜ ਮੁਖੀ ਕੋਲ ਕਿਸੇ ਵੀ ਜ਼ਰੂਰੀ ਮਿਸ਼ਨ ਲਈ ਟੀਏ ਤਾਇਨਾਤ ਕਰਨ ਦਾ ਪੂਰਾ ਅਧਿਕਾਰ ਹੋਵੇਗਾ।
ਸਥਿਤੀ ਦੇ ਮੱਦੇਨਜਰ ਦੇਸ਼ ‘ਚ 14 ਬਟਾਲੀਅਨਾਂ ਤਾਇਨਾਤ ਕੀਤੀਆਂ ਜਾਣਗੀਆਂ। ਸਰਕਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਮੌਜੂਦਾ 32 ਟੀਏ ਇਨਫੈਂਟਰੀ ਬਟਾਲੀਅਨਾਂ ‘ਚੋਂ 14 ਨੂੰ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੂੰ ਦੇਸ਼ ਦੀਆਂ ਵੱਖ-ਵੱਖ ਫੌਜੀ ਕਮਾਂਡਾਂ ‘ਚ ਭੇਜਿਆ ਜਾਵੇਗਾ।
ਇਨ੍ਹਾਂ ‘ਚ ਦੱਖਣੀ ਕਮਾਂਡ, ਪੂਰਬੀ ਕਮਾਂਡ, ਪੱਛਮੀ ਕਮਾਂਡ, ਕੇਂਦਰੀ ਕਮਾਂਡ, ਉੱਤਰੀ ਕਮਾਂਡ, ਦੱਖਣ ਪੱਛਮੀ ਕਮਾਂਡ, ਅੰਡੇਮਾਨ ਅਤੇ ਨਿਕੋਬਾਰ ਕਮਾਂਡ ਅਤੇ ਆਰਮੀ ਟ੍ਰੇਨਿੰਗ ਕਮਾਂਡ (ARTRAC) ਸ਼ਾਮਲ ਹਨ |
ਇਸਦੇ ਨਾਲ ਹੀ ਪਾਕਿਸਤਾਨ ਨਾਲ ਵਧਦੇ ਤਣਾਅ ਦੇ ਵਿਚਾਲੇ ਭਾਰਤ ਹਰ ਮੋਰਚੇ ‘ਤੇ ਤਿਆਰ ਹੈ। ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਵੀ ਇੱਕ ਪੱਤਰ ਲਿਖਿਆ ਹੈ ਅਤੇ ਮਹੱਤਵਪੂਰਨ ਨਿਰਦੇਸ਼ ਦਿੱਤੇ ਹਨ।, ਗ੍ਰਹਿ ਮੰਤਰਾਲੇ ਨੇ ਸਾਰੇ ਮੁੱਖ ਸਕੱਤਰਾਂ ਨੂੰ ਵਿਸ਼ੇਸ਼ ਸਥਿਤੀਆਂ ‘ਚ ਲੋਕਾਂ ਦੀ ਸੁਰੱਖਿਆ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਤਰ ‘ਚ ਕਿਹਾ ਹੈ ਕਿ ਸਿਵਲ ਡਿਫੈਂਸ ਰੂਲਜ਼, 1968 ਦੀ ਧਾਰਾ 11 ਕਿਸੇ ਵੀ ਐਮਰਜੈਂਸੀ ਸਥਿਤੀ ‘ਚ ਲਾਗੂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਜ਼ਰੂਰੀ ਐਮਰਜੈਂਸੀ ਖਰੀਦ ਸ਼ਕਤੀਆਂ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਡਾਇਰੈਕਟਰ ਸਿਵਲ ਡਿਫੈਂਸ ਨੂੰ ਸੌਂਪੀਆਂ ਜਾ ਸਕਦੀਆਂ ਹਨ, ਤਾਂ ਜੋ ਜ਼ਰੂਰੀ ਸਾਵਧਾਨੀ ਦੇ ਉਪਾਅ ਕੀਤੇ ਜਾ ਸਕਣ।
Read More: ਪਾਕਿਸਤਾਨ ਨੇ 15 ਭਾਰਤੀ ਫੌਜੀ ਟਿਕਾਣਿਆਂ ‘ਤੇ ਹਮਲੇ ਕਰਨ ਦੀ ਕੀਤੀ ਕੋਸ਼ਿਸ਼: ਕਰਨਲ ਸੋਫੀਆ ਕੁਰੈਸ਼ੀ