ਚੰਡੀਗੜ੍ਹ 06 ਮਾਰਚ 2022: ਭਾਰਤ ‘ਚ ਕੋਰੋਨਾ ਮਹਾਮਾਰੀ ਦੇ ਮਾਮਲਿਆਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ | ਇਸਦੇ ਚਲਦੇ ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 5,476 ਨਵੇਂ ਕੇਸ ਆਏ ਹਨ |ਇਸ ਦੌਰਾਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਐਤਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 158 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ‘ਚ ਹੁਣ ਤੱਕ ਇਸ ਮਹਾਂਮਾਰੀ ਕਾਰਨ 5,15,036 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੇਸ਼ ‘ਚ ਪਿਛਲੇ ਇਕ ਮਹੀਨੇ ਤੋਂ ਸੰਕਰਮਣ ਦੇ ਰੋਜ਼ਾਨਾ ਮਾਮਲੇ ਇੱਕ ਲੱਖ ਤੋਂ ਵੀ ਘੱਟ ਹਨ। ਇਸ ਸੰਬੰਧ ‘ਚ ਮੰਤਰਾਲੇ ਨੇ ਕਿਹਾ ਕਿ ਦੇਸ਼ ‘ਚ ਇਸ ਸਮੇਂ 59,442 ਲੋਕ ਕੋਰੋਨਾ ਵਾਇਰਸ ਦੀ ਲਾਗ ਦਾ ਇਲਾਜ ਕਰਵਾ ਰਹੇ ਹਨ, ਜੋ ਕਿ ਕੁੱਲ ਮਾਮਲਿਆਂ ਦਾ 0.14 ਪ੍ਰਤੀਸ਼ਤ ਹੈ, ਜਦੋਂ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 98.65 ਪ੍ਰਤੀਸ਼ਤ ਹੈ। ਇਸ ਅਨੁਸਾਰ ਹੁਣ ਤੱਕ 4,23,88,475 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ ਜਦਕਿ ਕੋਵਿਡ-19 ਤੋਂ ਮੌਤ ਦਰ 1.20 ਫੀਸਦੀ ਹੈ। ਅੰਕੜਿਆਂ ਦੇ ਅਨੁਸਾਰ, ਦੇਸ਼ ‘ਚ ਹੁਣ ਤੱਕ ਐਂਟੀ-ਕੋਵਿਡ -19 ਵੈਕਸੀਨ ਦੀਆਂ 178.83 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।