July 6, 2024 11:28 pm
Shaheed Bhagat Singh

ਭਾਕਿਯੂ ਏਕਤਾ-ਉਗਰਾਹਾਂ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਜ਼ਿਲ੍ਹਾ ਪੱਧਰਾਂ ‘ਤੇ ਜੋਸ਼ ਨਾਲ ਮਨਾਉਣ ਦਾ ਫੈਸਲਾ

ਚੰਡੀਗੜ੍ਹ, 21 ਮਾਰਚ 2023: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸ਼ਹੀਦ ਭਗਤ ਸਿੰਘ (Shaheed Bhagat Singh) , ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਜ਼ਿਲ੍ਹਾ ਪੱਧਰਾਂ ‘ਤੇ ਜੋਸ਼ ਭਰਪੂਰ ਸ਼ਰਧਾਂਜਲੀ ਸਮਾਗਮਾਂ ਰਾਹੀਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੇ ਹਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਨੌਜਵਾਨਾਂ ਤੇ ਔਰਤਾਂ ਸਮੇਤ ਕਿਸਾਨਾਂ ਮਜ਼ਦੂਰਾਂ ਦੇ ਵਿਸ਼ਾਲ ਇਕੱਠ ਕਰਕੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ ਜਾਵੇਗਾ।

ਸ਼ਹੀਦਾਂ ਦੀ ਸਾਮਰਾਜਵਾਦ ਅਤੇ ਜਗੀਰਦਾਰੀ ਵਿਰੋਧੀ ਅਤੇ ਫਿਰਕਾਪ੍ਰਸਤੀ ਵਿਰੋਧੀ ਇਨਕਲਾਬੀ ਸੋਚ ਦੀ ਅੱਜ ਦੇ ਪ੍ਰਸੰਗ ਵਿੱਚ ਬਣਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਕੇਂਦਰੀ ਭਾਜਪਾ ਹਕੂਮਤ ਦੀ ਸ਼ਹਿ ਨਾਲ ਆਰ ਐਸ ਐਸ ਦੇ ਹਿੰਦੂ ਫਿਰਕਾਪ੍ਰਸਤਾਂ ਵੱਲੋਂ ਭੜਕਾਈ ਜਾ ਰਹੀ ਫਿਰਕੂ/ਜਾਤਪਾਤੀ ਹਿੰਸਾ ਅਤੇ ਪੰਜਾਬ ਦੇ ਸਿੱਖ ਫਿਰਕਾਪ੍ਰਸਤਾਂ ਵੱਲੋਂ ਬਲਦੀ ਉੱਤੇ ਤੇਲ ਪਾਉਣ ਵਰਗੇ ਹਥਕੰਡੇ ਕਿਵੇਂ ਲੁੱਟੀ-ਪੁੱਟੀ ਜਾ ਰਹੀ ਕਿਸਾਨੀ ਦੇ ਐੱਮ ਐੱਸ ਪੀ ਅਤੇ ਕਰਜ਼ਾ-ਮੁਕਤੀ ਵਰਗੇ ਭਖਦੇ ਮਸਲਿਆਂ ਉੱਤੇ ਕੀਤੇ ਜਾਣ ਵਾਲੇ ਸਾਮਰਾਜਵਾਦ ਤੇ ਜਗੀਰਦਾਰੀ ਵਿਰੋਧੀ ਵਿਸ਼ਾਲ ਜਨਤਕ ਸੰਘਰਸ਼ਾਂ ਦੇ ਰਾਹ ਵਿੱਚ ਰੋੜੇ ਬਣ ਰਹੇ ਹਨ ।

ਉਹਨਾਂ ਆਖਿਆ ਕਿ ਫਿਰਕੂ ਅਨਸਰਾਂ ਨੂੰ ਭਾਂਜ ਦੇਣ ਅਤੇ ਅਮਨ ਕਾਨੂੰਨ ਦੀ ਰਾਖੀ ਦੇ ਨਾਂ ਹੇਠ ਪੰਜਾਬ ਸਰਕਾਰ  ਵੱਲੋਂ ਜਾਬਰ ਹਕੂਮਤੀ ਰਾਜ ਮਸੀਨਰੀ ਦੇ ਦੰਦੇ ਤਿੱਖੇ ਕੀਤੇ ਕੀਤੇ ਜਾ ਰਹੇ ਹਨ , ਜਮਹੂਰੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਅਤੇ ਸੂਬੇ ਚ ਇੰਟਰਨੈੱਟ ਸੇਵਾਵਾਂ ਠੱਪ ਕਰਕੇ ਦਹਿਸ਼ਤੀ ਮਾਹੌਲ ਸਿਰਜਿਆ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਫਿਰਕੂ ਤੇ ਹਕੂਮਤੀ ਚਾਲਾਂ ਤੋਂ ਸੁਚੇਤ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹੋਏ ਜਮਾਤੀ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨ।

ਉਹਨਾਂ ਆਖਿਆ ਕਿ ਫਿਰਕਾਪ੍ਰਸਤੀ ਤੇ ਜਾਤਪ੍ਰਸਤੀ ਨੂੰ ਨਕਾਰਦਿਆਂ ਕਿਸਾਨੀ ਦੇ ਇਨ੍ਹਾਂ ਸੰਘਰਸ਼ਾਂ ਵਿੱਚ ਜੀਅ ਜਾਨ ਨਾਲ ਕੁੱਦ ਕੇ ਬੁਲੰਦੀਆਂ ‘ਤੇ ਪਹੁੰਚਾਉਣਾ ਹੀ ਹਰ ਕਿਸਮ ਦੀਆਂ ਫਿਰਕਾਪ੍ਰਸਤ ਜਾਤਪ੍ਰਸਤ ਚਾਲਾਂ ਨੂੰ ਪਛਾੜਨ ਅਤੇ ਹਕੂਮਤੀ ਜਾਬਰ ਹੱਥਕੰਡਿਆਂ ਨੂੰ ਫੇਲ੍ਹ ਕਰਨ ਦਾ ਸਹੀ ਪੈਂਤੜਾ ਬਣਦਾ ਹੈ। ਕਿਸਾਨ ਆਗੂਆਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਨੌਜਵਾਨਾਂ ਤੇ ਔਰਤਾਂ ਸਮੇਤ ਵਹੀਰਾਂ ਘੱਤ ਕੇ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਗਮਾਂ ਵਿੱਚ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।