ਮਹਿਲਾ ਪੁਲਿਸ ਮੁਲਾਜ਼ਮ

ਡਿਊਟੀ ਤੋਂ ਘਰ ਵਾਪਸ ਪਰਤ ਰਹੀ ਮਹਿਲਾ ਪੁਲਿਸ ਮੁਲਾਜ਼ਮ ਦੀ ਭਿਆਨਕ ਸੜਕ ਹਾਦਸੇ ‘ਚ ਮੌਤ

ਫਿਰੋਜ਼ਪੁਰ, 31 ਮਾਰਚ 2023: ਫਿਰੋਜ਼ਪੁਰ ਦੇ ਪਿੰਡ ਸ਼ਾਦੇ ਹਾਸ਼ਮ ਦੇ ਨਜਦੀਕ ਅੱਜ ਇੱਕ ਸੜਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਪੁਲਿਸ ਮੁਲਾਜ਼ਮ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ |ਮਿਲੀ ਜਾਣਕਾਰੀ ਅਨੁਸਾਰ ਮਹਿਲਾ ਪੁਲਿਸ ਮੁਲਾਜ਼ਮ ਕੁਲਵਿੰਦਰ ਕੌਰ ਉਮਰ ਕਰੀਬ 32 ਸਾਲ ਜੋ ਜ਼ੀਰਾ ਦੇ ਪਿੰਡ ਸਨੇਰ ਦੀ ਰਹਿਣ ਵਾਲੀ ਸੀ।

ਕੁਲਵਿੰਦਰ ਕੌਰ ਦਾ ਕਰੀਬ ਦੋ ਮਹੀਨੇ ਪਹਿਲਾਂ ਹੀ ਕਨੇਡਾ ਵਿਖੇ ਵਿਆਹ ਹੋਇਆ ਸੀ। ਜੋ ਡਿਊਟੀ ਤੋਂ ਵਾਪਸ ਘਰ ਆ ਰਹੀ ਸੀ।ਜਦੋਂ ਉਹ ਪਿੰਡ ਸਾਂਦੇ ਹਾਸ਼ਮ ਦੇ ਨਜਦੀਕ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਅਚਾਨਕ ਕੱਟ ਮਾਰ ਦਿੱਤਾ ਅਤੇ ਟਰਾਲਾ ਸਿੱਧਾ ਆ ਕੇ ਉਸਦੀ ਆਈ ਟਵੰਟੀ ਕਾਰ ਨਾਲ ਟਕਰਾਅ ਗਿਆ, ਟੱਕਰ ਇਨ੍ਹੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ, ਜਿਸ ਦੌਰਾਨ ਮਹਿਲਾ ਪੁਲਿਸ ਕੁਲਵਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ । ਜਿਸ ਤੋਂ ਬਾਅਦ ਪੁਲਿਸ ਨੇ ਟਰਾਲਾ ਕਬਜੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਦੇ ਡਾਕਟਰ ਆਗਿਆਪਾਲ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਡੈਡ ਬਾਡੀ ਉਨ੍ਹਾਂ ਕੋਲ ਆਈ ਹੈ। ਜਿਸਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਅਤੇ ਕੱਲ੍ਹ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ।

Scroll to Top