Site icon TheUnmute.com

ਲਖੀਮਪੁਰ ਖੀਰੀ ਕਤਲ ਕਾਂਡ ਦੇ ਅਹਿਮ ਗਵਾਹ ਉੱਪਰ ਜਾਨਲੇਵਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : BKU ਏਕਤਾ(ਡਕੌਂਦਾ)

ਲਖੀਮਪੁਰ

ਚੰਡੀਗੜ੍ਹ 2 ਜੂਨ 2022: ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੀ ਸੂਬਾਈ ਮੀਟਿੰਗ ਬੂਟਾ ਸਿੰਘ ਬੁਰਜ਼ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਮੁੱਚੇ ਪੰਜਾਬ ਦੇ 16 ਜਿਲ੍ਹਿਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਗੰਭੀਰ ਵਿਚਾਰ ਚਰਚਾ ਕਰਨ ਤੋਂ ਬਾਅਦ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਜਗਮੋਹਨ ਸਿੰਘ ਪਟਿਆਲਾ, ਮਨਜੀਤ ਸਿੰਘ ਧਨੇਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਭਾਕਿਯੂ-ਏਕਤਾ(ਡਕੌਂਦਾ) ਵੱਲੋਂ ਪੰਜਾਬ ਦੇ ਕਿਸਾਨਾਂ ਦੀਆਂ ਅਹਿਮ ਸਮੱਸਿਆਵਾਂ ਸਬੰਧੀ ਪੰਜਾਬ ਦੀਆਂ ਸੰਘਰਸ਼ਸ਼ੀਲ 16 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਨਾਲ ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਵੇਂ ਵਿੱਤ ਮੰਤਰੀ ਨੇ ਜਲਦ ਮੁੱਖ ਮੰਤਰੀ,ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਹੈ, ਪਰ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਲਈ ਜਥੇਬੰਦਕ ਸਾਂਝੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

ਬਿਜਲੀ ਨਾਲ ਸੰਬੰਧਿਤ ਸਮੱਸਿਆਵਾਂ ‘ਤੇ ਚਰਚਾ

ਬਿਜਲੀ ਨਾਲ ਸਬੰਧਤ ਕਿਸਾਨ ਸਮੱਸਿਆਵਾਂ ਸਬੰਧੀ ਪਾਵਰਕੌਮ ਦੇ ਸੀਐਮਡੀ ਨਾਲ ਹੋਈ ਮੀਟਿੰਗ ਸਬੰਧੀ ਵੀ ਚਰਚਾ ਹੋਈ। ਆਗੂਆਂ ਨੇ ਯੂਨੀਅਨ ਦਾ ਜਥੇਬੰਦਕ ਢਾਂਚਾ ਤਦ ਹੀ ਮਜ਼ਬੂਤ ਹੈ ਜੇਕਰ ਸੂਬਾ ਕਮੇਟੀ ਤੋਂ ਲੈ ਕੇ ਪਿੰਡ ਇਕਾਈ ਤੱਕ ਬਿਹਤਰ ਇੱਕਜੁਟ ਤਾਲਮੇਲ ਬਣਿਆ ਰਹਿੰਦਾ ਹੈ। ਇਸ ਲਈ ਹਾਜ਼ਰ ਜਿਲ੍ਹਾ ਕਮੇਟੀਆਂ ਨੂੰ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਪਿੰਡ ਇਕਾਈ ਨੂੰ ਰਹਿੰਦੇ ਛਿਮਾਹੀ ਫੰਡ ਲਈ ਸਰਗਰਮ ਕਰਨ, ਹਰ ਪੱਧਰ ਦੇ ਅਦਾਰੇ ਦਾ ਹਿਸਾਬ ਵੀ ਪਾਰਦਰਸ਼ੀ ਢੰਗ ਨਾਲ ਲੋਕਾਂ ਵਿੱਚ ਲੈਕੇ ਜਾਣ।

ਲਖੀਮਪੁਰ ਖੀਰੀ ਕਾਂਡ ਦੇ ਅਹਿਮ ਗਵਾਹ ਸੁਬੇਗ ਸਿੰਘ ‘ਤੇ ਜਾਨਲੇਵਾ ਹਮਲਾ

ਮੀਟਿੰਗ ਦਾ ਹੋਰ ਵਿਸਥਾਰ ਦੱਸਦਿਆਂ ਆਗੂਆਂ ਗੁਰਮੀਤ ਸਿੰਘ ਭੱਟੀਵਾਲ, ਗੁਰਦੀਪ ਸਿੰਘ ਰਾਮਪੁਰਾ, ਦਰਸ਼ਨ ਸਿੰਘ ਰਾਏਸਰ, ਰਾਮ ਸਿੰਘ ਮਟੋਰੜਾ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜੵ ਨੇ ਕਰਨਾਟਕ ਵਿਖੇ ਪੑੈੱਸ ਕਾਨਫਰੰਸ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਅਹਿਮ ਆਗੂ ਰਾਕੇਸ਼ ਟਿਕੈਤ ਉੱਪਰ ਜਾਨਲੇਵਾ ਹਮਲਾ ਅਤੇ ਲਖੀਮਪੁਰ ਖੀਰੀ ਕਾਂਡ ਦੇ ਅਹਿਮ ਗਵਾਹ ਸੁਬੇਗ ਸਿੰਘ ਉੱਪਰ ਮੋਟਰਸਾਇਕਲ ਸਵਾਰਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਫੈਸਲਾ ਕੀਤਾ ਕਿ ਮੋਦੀ ਹਕੂਮਤ ਅਜਿਹੇ ਹਮਲੇ ਕਰਕੇ ਜਾਂ ਕਰਵਾਕੇ ਕਿਸਾਨ ਲਹਿਰ ਨੂੰ ਦਹਿਸ਼ਤਜਦਾ ਕਰਨਾ ਚਾਹੁੰਦੀ ਹੈ। ਇਨ੍ਹਾਂ ਹਮਲਿਆਂ ਦਾ ਬੀਕੇਯੂ ਏਕਤਾ ਡਕੌਂਦਾ ਹੋਰਨਾਂ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰ ਰਹੀ ਹੈ,ਜਲਦ ਹੀ ਸਾਂਝਾ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। 8 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਹੋਣ ਵਾਲੀ ਮੀਟਿੰਗ ਵਿੱਚ ਜਥੇਬੰਦੀ ਦੇ ਨੁਮਾਇੰਦੇ ਹਿੱਸਾ ਲੈਣਗੇ।

ਮੂਸੇਵਾਲਾ ਦੇ ਕਤਲ ਦੀ ਕੀਤੀ ਨਿਖੇਧੀ

ਇਸ ਮੀਟਿੰਗ ਵਿੱਚ ਕੇਂਦਰੀ ਹਕੂਮਤ ਦੀ ਕਿਸਾਨ ਆਗੂਆਂ ਖਿਲਾਫ਼ ਹਮਲਾਵਰ ਧੱਕੇਸ਼ਾਹੀ ਖਿਲਾਫ਼, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜਮਾਨਤ ਖਾਰਜ ਕਰਾਉਣ,ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਖਾਰਜ ਕਰਾਉਣ, ਐਮਐਸਪੀ ਦੀ ਬੁਨਿਆਦੀ ਮੰਗ ਨੂੰ ਪੂਰਾ ਕਰਵਾਉਣ ਲਈ ਸਾਂਝੇ ਸੰਘਰਸ਼ ਨੂੰ ਮੁੜ ਵਿਉਂਤਿਆ ਜਾਵੇਗਾ। ਇਸੇ ਹੀ ਤਰੵਾਂ ਨੌਜਵਾਨ ਗਾਇਕ ਸ਼ੁਭਦੀਪ ਸਿੱਧ ਮੂਸੇ ਵਾਲਾ ਦੇ ਕਤਲ ਸਬੰਧੀ ਨਿਖੇਧੀ ਮਤਾ ਪਾਸ ਕੀਤਾ ਗਿਆ।

ਭਾਵੇਂ ਕਿ ਜਥੇਬੰਦੀ ਦੇ ਉਸ ਦੀ ਗੈਂਗਸਟਰਵਾਦ ਨੂੰ ਉਤਸਾਹਿਤ ਕਰਦੀ ਗਾਇਕੀ ਨਾਲ ਤਿੱਖੇ ਮੱਤਭੇਦ ਹਨ। ਪਰ ਵਿਚਾਰਾਂ ਦੇ ਮੱਤਭੇਦਾਂ ਨੂੰ ਬੰਦੂਕ ਦੀ ਨੋਕ ਨਾਲ ਕਤਲ ਕਰਕੇ ਦਬਾਉਣ ਨੂੰ ਕਦਾਚਿਤ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਭਾਕਿਯੂ ਏਕਤਾ ਡਕੌਂਦਾ ਐਸਕੇਐਮ ਦੇ ਸੰਘਰਸ਼ ਸੱਦੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਕੇ ਵਧ ਚੜੵਕੇ ਹਿੱਸਾ ਲਵੇਗੀ।

ਸੰਘਰਸ਼ ਸੱਦਿਆਂ ਨੂੰ ਲਾਗੂ ਕਰਨ ਲਈ ਤਨਦੇਹੀ ਨਾਲ ਜੁੱਟਣ ਦਾ ਸੱਦਾ

ਅੱਜ ਦੀ ਮੀਟਿੰਗ ਵਿੱਚ ਦਰਸ਼ਨ ਸਿੰਘ ਉੱਗੋਕੇ,ਗੁਰਦੇਵ ਸਿੰਘ ਮਾਂਗੇਵਾਲ,ਮਹਿੰਦਰ ਸਿੰਘ ਕਮਾਲਪੁਰ,ਪਰਮਿੰਦਰ ਸਿੰਘ ਮੁਕਤਸਰ,ਗੁਲਜਾਰ ਸਿੰਘ ਕੱਬਰਵੱਛਾ,ਕਰਮ ਸਿੰਘ ਬਲਿਆਲ, ਸੁਖਦੇਵ ਸਿੰਘ ਬਾਲਦਕਲਾਂ, ਮਹਿੰਦਰ ਸਿੰਘ ਭੈਣੀਬਾਘਾ,ਦੇਵੀ ਰਾਮ ਰੰਘੜਿਆਲ, ਬੂਟਾ ਖਾਨ, ਸਾਦਿਕ ਢਿੱਲੋਂ, ਗੁਰਬਿੰਦਰ ਸਿੰਘ,ਮੱਖਣ ਸਿੰਘ ਗੁਰਦਾਸਪੁਰ,ਪਰਮਿੰਦਰ ਸਿੰਘ,ਤੇਜਪਾਲ ਸਿੰਘ ਕਪੂਰਥਲਾ, ਮਲਕੀਤ ਸਿੰਘ ਈਨਾ, ਜਗਜੀਤ ਸਿੰਘ ਅੰਗਰੇਜ਼ ਸਿੰਘ ਮੁਹਾਲੀ, ਗੁਰਬਚਨ ਸਿੰਘ,ਜਗਮੇਲ ਸਿੰਘ,ਕਰਨੈਲ ਸਿੰਘ, ਹਰਜੀਤ ਸਿੰਘ ਕਾਲਾ, ਸਤਿਬੀਰ ਸਿੰਘ ਆਦਿ ਸਾਰੇ ਜਿਲ੍ਹਿਆਂ ਦੇ ਪੑਧਾਨ /ਸਕੱਤਰਾਂ ਨੇ ਮੀਟਿੰਗ ਦੌਰਾਨ ਉਲੀਕੇ ਸੰਘਰਸ਼ ਸੱਦਿਆਂ ਨੂੰ ਲਾਗੂ ਕਰਨ ਲਈ ਤਨਦੇਹੀ ਨਾਲ ਜੁੱਟ ਜਾਣ ਦਾ ਸੱਦਾ ਦਿੱਤਾ ਹੈ।

ਜਗਮੋਹਨ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ 16 ਕਿਸਾਨ ਜਥੇਬੰਦੀਆਂ ਦੀ ਵਿਤ ਤੇ ਸਹਿਕਾਰੀ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਨਾਲ ਕੱਲ੍ਹ ਸਵੇਰੇ 11 ਵਜੇ ਪੰਜਾਬ ਭਵਨ ਵਿਖੇ ਮੀਟਿੰਗ ਹੋਣੀ ਸੀ, ਜਿਸ ਵਿੱਚ ਮੁੱਖ ਰੂਪ ਵਿੱਚ ਕਿਸਾਨਾ ਦੀ ਗੰਨੇ ਦੀ ਰਹਿੰੰਦੀ ਪੇਮੈਟ ਬਾਰੇ ਗੱਲਬਾਤ ਹੋਣੀ ਸੀ, ਬਾਕੀ ਮੰਗਾਂ ਲਈ ਮੁੱਖ ਮੰਤਰੀ ਨਾਲ ਮੀਟਿੰਗ ਤਹਿ ਹੋਈ ਸੀ। ਪਰ ਇਹ ਮੀਟਿੰਗ ਹੁਣੇ ਰੱਦ ਹੋ ਗਈ ਹੈ, 16 ਕਿਸਾਨ-ਜਥੇਬੰਦੀਆਂਂ ਦੀ ਮੀਟਿੰਗ ਵਿਚਾਰ ਚਰਚਾ ਕਰਨ ਅਤੇ ਅਗਲਾ ਪ੍ਰੋਗਰਾਮ ਉਲੀਕਣ ਲਈ ਲੁਧਿਆਣਾ ਵਿਖੇ ਕੱਲ੍ਹ 3 ਜੂਨ ਨੂੰ 11 ਵਜੇ ਰੱਖੀ ਹੈ।

Exit mobile version