July 7, 2024 3:23 pm
Wrestlers

DCW ਦੀ ਚੇਅਰਪਰਸਨ ਸਵਾਤੀ ਮਾਲੀਵਾਲ ਵਲੋਂ ਪਹਿਲਵਾਨਾਂ ਨਾਲ ਮੁਲਾਕਾਤ, ਪਹਿਲਵਾਨਾਂ ਨੇ ਕਿਹਾ ਮੈਡਲ ਕਰਾਂਗੇ ਵਾਪਸ

ਚੰਡੀਗੜ੍ਹ, 04 ਮਈ 2023: ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ (Wrestlers) ਦੀ ਹੜਤਾਲ ਦਾ ਅੱਜ 12ਵਾਂ ਦਿਨ ਹੈ। ਬੁੱਧਵਾਰ ਦੇਰ ਰਾਤ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਝੜੱਪ ਹੋ ਗਈ। ਪਹਿਲਵਾਨਾਂ ਦਾ ਦੋਸ਼ ਹੈ ਕਿ ਸ਼ਰਾਬੀ ਪੁਲਸ ਵਾਲਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਗਾਲੀ-ਗਲੋਚ ਵੀ ਕੀਤਾ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਆਗੂ ਸੋਮਨਾਥ ਭਾਰਤੀ ਬੈੱਡ ਲੈ ਕੇ ਧਰਨੇ ਵਾਲੀ ਥਾਂ ‘ਤੇ ਪਹੁੰਚੇ, ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਪਹਿਲਵਾਨਾਂ ਨੇ ਝਗੜਾ ਸ਼ੁਰੂ ਕਰ ਦਿੱਤਾ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪਹਿਲਵਾਨ ਹੜਤਾਲ ‘ਤੇ ਹਨ। ਇਸ ਮਾਮਲੇ ‘ਤੇ ਅੱਜ ਸੁਪਰੀਮ ਕੋਰਟ ‘ਚ ਵੀ ਸੁਣਵਾਈ ਹੋਣੀ ਹੈ।

Image

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਮੁੜ ਜੰਤਰ-ਮੰਤਰ ਪਹੁੰਚ ਕੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ- ਮੈਂ ਫਿਰ ਕੁੜੀਆਂ (ਪਹਿਲਵਾਨਾਂ) ਨੂੰ ਮਿਲਣ ਆਈ ਹਾਂ ਕਿਉਂਕਿ ਇਹ ਮੇਰਾ ਫਰਜ਼ ਹੈ। ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਝੜੱਪ ਦੌਰਾਨ ਪੁਲਿਸ ਅਧਿਕਾਰੀ ਵੀ ਮੌਜੂਦ ਸਨ ਜਿਨ੍ਹਾਂ ਨੇ ਸ਼ਰਾਬ ਪੀ ਕੇ ਪਹਿਲਵਾਨਾਂ ਨਾਲ ਦੁਰਵਿਵਹਾਰ ਕੀਤਾ। ਮੈਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਦਿੱਲੀ ਪੁਲਿਸ ਬ੍ਰਿਜ ਭੂਸ਼ਣ ਨੂੰ ਕਿਉਂ ਬਚਾ ਰਹੀ ਹੈ? ਦਿੱਲੀ ਪੁਲਿਸ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ?

ਪੁਲਿਸ ਨਾਲ ਝੜਪ ਤੋਂ ਬਾਅਦ ਪਹਿਲਵਾਨ (Wrestlers) ਬਜਰੰਗ ਪੂਨੀਆ ਨੇ ਕਿਹਾ ਕਿ ਜੇਕਰ ਪਹਿਲਵਾਨਾਂ ਨਾਲ ਅਜਿਹਾ ਸਲੂਕ ਕੀਤਾ ਗਿਆ ਤਾਂ ਮੈਡਲਾਂ ਦਾ ਕੀ ਕਰਾਂਗੇ? ਸਗੋਂ ਅਸੀਂ ਸਾਧਾਰਨ ਜੀਵਨ ਜਿਉਣਾ ਚਾਹਾਂਗੇ ਅਤੇ ਸਾਰੇ ਮੈਡਲ ਅਤੇ ਪੁਰਸਕਾਰ ਭਾਰਤ ਸਰਕਾਰ ਨੂੰ ਵਾਪਸ ਕਰਨਾ ਚਾਹਾਂਗੇ। ਬਜਰੰਗ ਪੂਨੀਆ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।