1 ਮਾਰਚ 2025: ਦਿੱਲੀ ਕੈਪੀਟਲਜ਼ (Delhi Capitals) ਨੇ ਮਹਿਲਾ ਪ੍ਰੀਮੀਅਰ ਲੀਗ 2025 ਦਾ 13ਵਾਂ ਮੈਚ ਜਿੱਤ ਲਿਆ ਹੈ। ਦਿੱਲੀ ਨੇ ਮੁੰਬਈ ਇੰਡੀਅਨਜ਼ ਮਹਿਲਾ (Mumbai Indians Women’s team) ਟੀਮ ਨੂੰ 9 ਵਿਕਟਾਂ ਨਾਲ ਹਰਾਇਆ। ਇਸ ਮੈਚ ਲਈ ਦਿੱਲੀ ਦੀ ਖਿਡਾਰਨ ਜੈਸ ਜੋਨਾਸਨ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 3 ਵਿਕਟਾਂ ਲਈਆਂ। ਜੋਨਾਸਨ ਨੇ ਇਸ ਪ੍ਰਦਰਸ਼ਨ ਨਾਲ ਆਪਣੇ ਨਾਮ ਇੱਕ ਖਾਸ ਰਿਕਾਰਡ ਬਣਾਇਆ। ਉਸਨੇ ਮੁੰਬਈ ਇੰਡੀਅਨਜ਼ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਬਰਾਬਰੀ ਕਰ ਲਈ ਹੈ।
ਦਰਅਸਲ, ਜੋਨਾਸਨ ਨੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਵੱਧ ਵਾਰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਜਿੱਤਣ ਦੇ ਮਾਮਲੇ ਵਿੱਚ ਹਰਮਨਪ੍ਰੀਤ ਕੌਰ ਦੀ ਬਰਾਬਰੀ ਕਰ ਲਈ ਹੈ। ਜੋਨਾਸਨ ਹੁਣ ਸਾਂਝੇ ਤੌਰ ‘ਤੇ ਸਿਖਰ ‘ਤੇ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਇਹ ਖਿਤਾਬ ਪੰਜ-ਪੰਜ ਵਾਰ ਜਿੱਤਿਆ ਹੈ। ਮੈਰੀਜ਼ਾਨ ਕੈਪ ਅਤੇ ਨੈਟ ਸਾਇਵਰ ਬਰੰਟ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ ਹਨ। ਦੋਵਾਂ ਨੇ ਇਹ ਖਿਤਾਬ ਚਾਰ-ਚਾਰ ਵਾਰ ਜਿੱਤਿਆ ਹੈ।
ਜੋਨਾਸਨ ਨੇ ਮੁੰਬਈ ਖਿਲਾਫ ਤਬਾਹੀ ਮਚਾਈ –
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਮੁੰਬਈ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 123 ਦੌੜਾਂ ਬਣਾਈਆਂ। ਇਸ ਦੌਰਾਨ ਹਰਮਨਪ੍ਰੀਤ ਕੌਰ ਨੇ 16 ਗੇਂਦਾਂ ਵਿੱਚ 22 ਦੌੜਾਂ ਬਣਾਈਆਂ। ਉਸਨੇ 2 ਚੌਕੇ ਅਤੇ 1 ਛੱਕਾ ਲਗਾਇਆ। ਸਿਵਰ ਬਰੰਟ ਨੇ 18 ਦੌੜਾਂ ਦਾ ਯੋਗਦਾਨ ਪਾਇਆ। ਜੋਨਾਸਨ (jonasan) ਨੇ ਮੁੰਬਈ ਦੀ ਪਾਰੀ ਦੌਰਾਨ ਦਿੱਲੀ ਲਈ ਘਾਤਕ ਗੇਂਦਬਾਜ਼ੀ ਕੀਤੀ। ਉਸਨੇ 4 ਓਵਰਾਂ ਵਿੱਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਮਿੰਨੂ ਮਨੀ ਨੇ ਵੀ 3 ਵਿਕਟਾਂ ਲਈਆਂ। ਉਸਨੇ 3 ਓਵਰਾਂ ਵਿੱਚ 17 ਦੌੜਾਂ ਦਿੱਤੀਆਂ।
ਦਿੱਲੀ ਨੇ 14.3 ਓਵਰਾਂ ਵਿੱਚ ਮੈਚ ਜਿੱਤ ਲਿਆ –
ਮੁੰਬਈ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਟੀਮ (team) ਨੇ 14.3 ਓਵਰਾਂ ਵਿੱਚ ਮੈਚ ਜਿੱਤ ਲਿਆ। ਸਲਾਮੀ ਬੱਲੇਬਾਜ਼ ਅਤੇ ਕਪਤਾਨ ਮੇਗ ਲੈਨਿੰਗ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ 9 ਚੌਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ। ਸ਼ੈਫਾਲੀ ਵਰਮਾ ਨੇ 28 ਗੇਂਦਾਂ ਦਾ ਸਾਹਮਣਾ ਕਰਦੇ ਹੋਏ 43 ਦੌੜਾਂ ਬਣਾਈਆਂ। ਉਸਨੇ 4 ਚੌਕੇ ਅਤੇ 3 ਛੱਕੇ ਮਾਰੇ। ਜੇਮਿਮਾ ਰੋਡਰਿਗਜ਼ ਨੇ 15 ਦੌੜਾਂ ਦੀ ਪਾਰੀ ਖੇਡੀ। ਉਸਨੇ 2 ਚੌਕੇ ਮਾਰੇ।