DC ਬਨਾਮ MI

DC ਬਨਾਮ MI: ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਜ਼ ਲਈ ਕਰੋ ਜਾਂ ਮਰੋ ਦਾ ਮੁਕਾਬਲਾ, ਪਲੇਆਫ ਲਈ ਜਿੱਤ ਲਾਜ਼ਮੀ

ਮੁੰਬਈ , 21ਮਈ 2025: DC ਬਨਾਮ MI: ਇੰਡੀਅਨ ਪ੍ਰੀਮੀਅਰ ਲੀਗ (IPL 2025) ‘ਚ ਲੀਗ ਪੜਾਅ ਦੇ 62 ਮੈਚ ਪੂਰੇ ਹੋ ਚੁੱਕੇ ਹਨ। 5 ਟੀਮਾਂ ਨਾਕਆਊਟ ਦੌੜ ‘ਚੋਂ ਬਾਹਰ ਹੋ ਗਈਆਂ ਹਨ, ਜਦੋਂ ਕਿ 3 ਟੀਮਾਂ ਪਲੇਆਫ ‘ਚ ਜਗ੍ਹਾ ਬਣਾ ਚੁੱਕੀਆਂ ਹਨ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਜ਼ ਚੋਟੀ ਦੇ-4 ‘ਚ ਆਖਰੀ ਸਥਾਨ ਲਈ ਦਾਅਵੇਦਾਰ ਹਨ, ਅੱਜ ਦੋਵਾਂ ਵਿਚਾਲੇ ਅਹਿਮ ਮੈਚ ਹੋਵੇਗਾ।

ਇਹ ਮੈਚ ਮੁੰਬਈ ਅਤੇ ਦਿੱਲੀ ਦੋਵਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਦੋਵੇਂ ਟੀਮਾਂ ਪਲੇਆਫ ਦੀ ਦੌੜ ‘ਚ ਹਨ। ਜੇਕਰ ਮੁੰਬਈ ਇਹ ਮੈਚ ਜਿੱਤਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ ਸਿੱਧੇ ਤੌਰ ‘ਤੇ ਕੁਆਲੀਫਾਈ ਕਰ ਲਵੇਗੀ ਅਤੇ ਦਿੱਲੀ ਦਾ ਸਫ਼ਰ ਖਤਮ ਹੋ ਜਾਵੇਗਾ। ਹਾਲਾਂਕਿ, ਜੇਕਰ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਪਲੇਆਫ ਸਮੀਕਰਨ ਬਦਲ ਜਾਣਗੇ। ਮੁੰਬਈ ਦੇ ਇਸ ਸਮੇਂ 12 ਮੈਚਾਂ ‘ਚ 14 ਅੰਕ ਹਨ, ਜਦੋਂ ਕਿ ਦਿੱਲੀ ਦੇ ਇੰਨੇ ਹੀ ਮੈਚਾਂ ‘ਚ 13 ਅੰਕ ਹਨ।

ਜੇਕਰ ਮੁੰਬਈ ਇੰਡੀਅਨਜ਼ ਹਾਰ ਜਾਂਦੀ ਹੈ, ਤਾਂ ਉਨ੍ਹਾਂ ਨੂੰ ਪੰਜਾਬ ਵਿਰੁੱਧ ਆਖਰੀ ਮੈਚ ਜਿੱਤਣਾ ਪਵੇਗਾ ਅਤੇ ਨਾਲ ਹੀ ਦਿੱਲੀ ਦੇ ਆਖਰੀ ਮੈਚ ਹਾਰਨ ਲਈ ਪ੍ਰਾਰਥਨਾ ਕਰਨੀ ਪਵੇਗੀ। ਦਿੱਲੀ ਕੈਪੀਟਲਜ਼ ਦੇ 12 ਮੈਚਾਂ ‘ਚ 6 ਜਿੱਤਾਂ ਅਤੇ ਇੱਕ ਡਰਾਅ ਨਾਲ 13 ਅੰਕ ਹਨ। ਟੀਮ ਪੰਜਵੇਂ ਨੰਬਰ ‘ਤੇ ਹੈ। ਅੱਜ ਦੇ ਮੈਚ ਨੂੰ ਜਿੱਤਣ ਨਾਲ ਦਿੱਲੀ ਚੌਥੇ ਸਥਾਨ ‘ਤੇ ਪਹੁੰਚ ਜਾਵੇਗਾ ਅਤੇ ਪਲੇਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖੇਗਾ। ਜੇਕਰ ਦਿੱਲੀ ਆਖਰੀ ਮੈਚ ‘ਚ ਪੰਜਾਬ ਨੂੰ ਹਰਾ ਦਿੰਦੀ ਹੈ ਤਾਂ ਟੀਮ ਪਲੇਆਫ ‘ਚ ਵੀ ਪਹੁੰਚ ਜਾਵੇਗੀ। ਜੇਕਰ ਦਿੱਲੀ ਅੱਜ ਹਾਰ ਜਾਂਦੀ ਹੈ, ਤਾਂ ਇਹ ਦੌੜ ਤੋਂ ਬਾਹਰ ਹੋ ਜਾਵੇਗੀ। ਫਿਰ ਆਖਰੀ ਮੈਚ ਜਿੱਤਣ ਦਾ ਵੀ ਕੋਈ ਫਾਇਦਾ ਨਹੀਂ ਹੋਵੇਗਾ।

ਵਾਨਖੇੜੇ ਦੀ ਪਿੱਚ ਰਿਪੋਰਟ

ਵਾਨਖੇੜੇ ਦੀ ਪਿੱਚ ਆਮ ਤੌਰ ‘ਤੇ ਗੇਂਦਬਾਜ਼ਾਂ ਨਾਲੋਂ ਬੱਲੇਬਾਜ਼ਾਂ ਦੇ ਹੱਕ ‘ਚ ਜ਼ਿਆਦਾ ਹੁੰਦੀ ਹੈ। ਇੱਥੇ ਉੱਚ ਸਕੋਰਿੰਗ ਮੈਚ ਦੇਖੇ ਜਾ ਸਕਦੇ ਹਨ। ਇਸ ਵਿਕਟ ‘ਤੇ ਤੇਜ਼ ਗੇਂਦਬਾਜ਼ਾਂ ਨੂੰ ਵੀ ਮੱਦਦ ਮਿਲਦੀ ਹੈ। ਖਾਸ ਕਰਕੇ ਨਵੀਂ ਗੇਂਦ ਨਾਲ, ਇੱਥੇ ਚੰਗੀ ਸਵਿੰਗ ਅਤੇ ਉਛਾਲ ਮਿਲਦਾ ਹੈ।

ਹੁਣ ਤੱਕ ਵਾਨਖੇੜੇ ‘ਚ 122 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 56 ਮੈਚਾਂ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ, ਜਦੋਂ ਕਿ 66 ਮੈਚਾਂ ‘ਚ ਪਿੱਛਾ ਕਰਨ ਵਾਲੀ ਟੀਮ ਜਿੱਤੀ ਹੈ।

ਮੁੰਬਈ ‘ਚ ਕਿਹੋ ਇਹ ਰਹੇਗਾ ਮੌਸਮ

ਸੋਮਵਾਰ ਨੂੰ ਮੁੰਬਈ ‘ਚ ਮੀਂਹ ਪੈਣ ਦੀ ਸੰਭਾਵਨਾ 84 ਫੀਸਦੀ ਹੈ। ਜੇਕਰ ਬੁੱਧਵਾਰ ਨੂੰ ਵਾਨਖੇੜੇ ਸਟੇਡੀਅਮ ‘ਚ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ, ਤਾਂ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲੇਗਾ। ਇਸ ਸਥਿਤੀ ‘ਚ ਮੁੰਬਈ ਦੇ 15 ਅੰਕ ਹੋਣਗੇ ਅਤੇ ਦਿੱਲੀ ਦੇ 14 ਅੰਕ ਹੋਣਗੇ। ਇਸ ਸਥਿਤੀ ਵਿੱਚ, ਦਿੱਲੀ ਨੂੰ ਕਿਸੇ ਵੀ ਕੀਮਤ ‘ਤੇ ਆਪਣਾ ਆਖਰੀ ਮੈਚ ਜਿੱਤਣਾ ਹੋਵੇਗਾ ਅਤੇ ਪ੍ਰਾਰਥਨਾ ਕਰਨੀ ਹੋਵੇਗੀ ਕਿ ਪੰਜਾਬ ਕਿੰਗਜ਼ ਮੁੰਬਈ ਇੰਡੀਅਨਜ਼ ਨੂੰ ਵੀ ਹਰਾ ਦੇਵੇ।

Read More: IPL 2025: ਮੁੱਲਾਂਪੁਰ ਸਟੇਡੀਅਮ ‘ਚ ਹੋਵੇਗਾ ਕੁਆਲੀਫਾਇਰ-1 ਮੈਚ, ਜਾਣੋ ਕਿੱਥੇ ਖੇਡਿਆ ਜਾਵੇਗਾ ਫਾਈਨਲ ?

Scroll to Top