ਲਖਨਊ, 22 ਅਪ੍ਰੈਲ 2025: LSG ਬਨਾਮ DC: ਆਈਪੀਐਲ 2025 ‘ਚ ਅੱਜ ਲਖਨਊ ਸੁਪਰ ਜਾਇੰਟਸ ਅਤੇ ਦਿੱਲੀ ਕੈਪੀਟਲਜ਼ ਦੀ ਟੀਮ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਅਤੇ ਟਾਸ ਸ਼ਾਮ 7:00 ਵਜੇ ਹੋਵੇਗਾ।
ਅੱਜ ਲਖਨਊ ਅਤੇ ਦਿੱਲੀ ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਸੀਜ਼ਨ ‘ਚ ਲਖਨਊ ਸੁਪਰ ਜਾਇੰਟਸ (LSG) ਦੀ ਟੀਮ 8 ਮੈਚਾਂ (DC ਬਨਾਮ LSG) ‘ਚ 5 ਜਿੱਤਾਂ ਨਾਲ ਅੰਕ ਸੂਚੀ ‘ਚ 5ਵੇਂ ਨੰਬਰ ‘ਤੇ ਹੈ। ਸ਼ਾਨਦਾਰ ਫਾਰਮ ‘ਚ ਚੱਲ ਰਹੀ ਦਿੱਲੀ ਕੈਪੀਟਲਜ਼ ਨੇ 7 ‘ਚੋਂ 5 ਮੈਚ ਜਿੱਤੇ ਹਨ। ਟੀਮ 10 ਅੰਕਾਂ ਨਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਪਲੇਆਫ ਦੇ ਲਿਹਾਜ਼ ਨਾਲ ਇਹ ਲਖਨਊ ਲਈ ਇੱਕ ਮਹੱਤਵਪੂਰਨ ਮੈਚ ਹੈ।
ਲਖਨਊ ਅਤੇ ਦਿੱਲੀ ਨੇ ਹੁਣ ਤੱਕ ਇੱਕ ਦੂਜੇ ਦੇ ਖਿਲਾਫ 6 ਮੈਚ ਖੇਡੇ ਹਨ। ਲਖਨਊ ਸੁਪਰ ਜਾਇੰਟਸ ਨੇ 3 ਮੈਚ ਜਿੱਤੇ ਅਤੇ ਦਿੱਲੀ ਕੈਪੀਟਲਜ਼ ਨੇ ਇੰਨੇ ਹੀ ਮੈਚ ਜਿੱਤੇ। ਇਸ ਸੀਜ਼ਨ ‘ਚ 22 ਮਾਰਚ ਨੂੰ ਦਿੱਲੀ ਨੇ ਲਖਨਊ ਸੁਪਰ ਜਾਇੰਟਸ (LSG) ਨੂੰ ਇੱਕ ਵਿਕਟ ਨਾਲ ਹਰਾਇਆ ਸੀ। ਲਖਨਊ ਇਸ ਮੈਚ ਨੂੰ ਜਿੱਤ ਕੇ ਆਪਣੀ ਪਹਿਲੀ ਹਾਰ ਦਾ ਬਦਲਾ ਲੈਣਾ ਚਾਹੇਗਾ।
ਦਿੱਲੀ ਕੈਪੀਟਲਜ਼ (DC) ਦੇ ਕੇਐਲ ਰਾਹੁਲ ਬੱਲੇਬਾਜ਼ੀ ‘ਚ ਚੰਗੀ ਫਾਰਮ ‘ਚ ਹੈ। ਕੇਐਲ ਰਾਹੁਲ ਨੇ ਟੀਮ ਲਈ ਸਭ ਤੋਂ ਵੱਧ 266 ਦੌੜਾਂ ਬਣਾਈਆਂ ਹਨ। ਇਸ ‘ਚ ਉਸਦੀ 93 ਦੌੜਾਂ ਦੀ ਮੈਚ ਜੇਤੂ ਨਾਬਾਦ ਪਾਰੀ ਵੀ ਸ਼ਾਮਲ ਹੈ। ਨਿਕੋਲਸ ਪੂਰਨ ਲਖਨਊ ਲਈ ਸ਼ਾਨਦਾਰ ਫਾਰਮ ‘ਚ ਹੈ। ਉਸਨੇ ਟੂਰਨਾਮੈਂਟ ‘ਚ ਖੇਡੇ ਗਏ 8 ਮੈਚਾਂ ‘ਚ ਲਗਭਗ 53 ਦੀ ਔਸਤ ਨਾਲ 368 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ, ਪੂਰਨ ਦਾ ਸਟ੍ਰਾਈਕ ਰੇਟ 200 ਤੋਂ ਉੱਪਰ ਰਿਹਾ। ਕਪਤਾਨ ਰਿਸ਼ਭ ਪੰਤ ਦਾ ਫਾਰਮ ਟੀਮ ਲਈ ਚਿੰਤਾ ਦਾ ਵਿਸ਼ਾ ਹੈ।
ਏਕਾਨਾ ਸਟੇਡੀਅਮ ਦੀ ਪਿੱਚ ਰਿਪੋਰਟ
ਲਖਨਊ ਸੁਪਰ ਜਾਇੰਟਸ (LSG) ਦੇ ਏਕਾਨਾ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਦੇ ਅਨੁਕੂਲ ਹੈ। ਇਸ ਸਟੇਡੀਅਮ ‘ਚ ਹੁਣ ਤੱਕ 18 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 8 ਮੈਚ ਜਿੱਤੇ ਹਨ ਅਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੇ 9 ਮੈਚ ਜਿੱਤੇ ਹਨ ਜਦੋਂ ਕਿ ਇੱਕ ਮੈਚ ਬੇਸਿੱਟਾ ਰਿਹਾ।
ਮੌਸਮ ਦੇ ਹਾਲਾਤ
22 ਅਪ੍ਰੈਲ ਨੂੰ ਹੋਣ ਵਾਲੇ ਮੈਚ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਹਾਲਾਂਕਿ, ਗਰਮੀ ਖਿਡਾਰੀਆਂ ਨੂੰ ਪਰੇਸ਼ਾਨ ਕਰ ਸਕਦੀ ਹੈ।
Read More: KKR ਬਨਾਮ GT : ਗੁਜਰਾਤ ਟਾਈਟਨਜ਼ ਨੇ IPL ਦੇ 18ਵੇਂ ਸੀਜ਼ਨ ਦਾ ਛੇਵਾਂ ਮੈਚ ਜਿੱਤਿਆ