Mohali

EVM ਦਾ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਸਥਾਪਤ ਕਰਨ ਲਈ ਡੀਸੀ ਵੱਲੋਂ ਸਪੋਰਟਸ ਕੰਪਲੈਕਸ ਮੋਹਾਲੀ ਦਾ ਦੌਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਪ੍ਰੈਲ, 2024: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਸਪੋਰਟਸ ਕੰਪਲੈਕਸ, ਸੈਕਟਰ-78 ਮੋਹਾਲੀ (Mohali) ਦਾ ਦੌਰਾ ਕੀਤਾ, ਜਿਸ ਵਿੱਚ 53-ਐਸ.ਏ.ਐਸ.ਨਗਰ ਹਲਕੇ ਲਈ ਈ.ਵੀ.ਐਮਜ਼ ਲਈ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਸਥਾਪਤ ਕਰਨ ਲਈ ਪਛਾਣ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਚੋਣ ਤਿਆਰੀਆਂ ਵਜੋਂ ਜ਼ਿਲ੍ਹਾ ਐਸ.ਏ.ਐਸ.ਨਗਰ ,ਮੋਹਾਲੀ (Mohali) ਦੇ ਹਰੇਕ ਹਲਕੇ ਵਿੱਚ ਸਟਰਾਂਗ ਰੂਮਾਂ ਅਤੇ ਡਿਸਪੈਚ ਸੈਂਟਰਾਂ ਦੀ ਸ਼ਨਾਖਤ ਕੀਤੀ ਗਈ ਹੈ ਤਾਂ ਜੋ ਪੋਲਿੰਗ ਪਾਰਟੀਆਂ ਜਿਨ੍ਹਾਂ ਨੇ ਕਿਸੇ ਵਿਸ਼ੇਸ਼ ਹਲਕੇ ਵਿੱਚ ਪੋਲਿੰਗ ਡਿਊਟੀ ਲਈ ਰਵਾਨਾ ਹੋਣਾ ਹੈ, ਉਨ੍ਹਾਂ ਨੂੰ ਈ.ਵੀ.ਐਮਜ਼ ਅਤੇ ਹੋਰ ਚੋਣ ਸਮੱਗਰੀ ਇੱਕ ਹੀ ਛੱਤ ਥੱਲੇ ਪ੍ਰਾਪਤ ਹੋ ਸਕੇ। ਜ਼ਿਲ੍ਹਾ ਚੋਣ ਅਫ਼ਸਰ ਨੇ ਸਪੋਰਟਸ ਕੰਪਲੈਕਸ ਮੁਹਾਲੀ ਵਿਖੇ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਲਈ ਪ੍ਰਸਤਾਵਿਤ ਜਗ੍ਹਾ ਦਾ ਜਾਇਜ਼ਾ ਲੈਂਦਿਆਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਹੋਣ ਵਾਲੇ ਦਿਨ 30 ਅਪ੍ਰੈਲ ਤੋਂ 31 ਮਈ ਤੱਕ ਇੱਥੇ ਸਟੋਰ ਕੀਤੇ ਜਾਣ ਵਾਲੇ ਈ.ਵੀ.ਐਮਜ਼ ਦੀ ਸੁਰੱਖਿਆ ਲਈ ਪੁਖਤਾ ਸੁਰੱਖਿਆ ਪ੍ਰਬੰਧਾਂ ‘ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਵੀ.ਵੀ.ਪੀ.ਏ.ਟੀ. ਵਾਲੀਆਂ ਈ.ਵੀ.ਐਮ. ਮਸ਼ੀਨਾਂ ਨੂੰ ਬੇਤਰਤੀਬੇ ਕਰਨ ਤੋਂ ਬਾਅਦ ਇੱਥੇ ਸੀਸੀਟੀਵੀ, ਅਰਧ ਸੈਨਿਕ ਅਤੇ ਪੁਲਿਸ ਸੁਰੱਖਿਆ ਹੇਠ ਰੱਖਿਆ ਜਾਵੇਗਾ। 112-ਡੇਰਾਬੱਸੀ ਵਿੱਚ ਸਰਕਾਰੀ ਕਾਲਜ ਡੇਰਾਬੱਸੀ ਨੂੰ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਵਜੋਂ ਤਿਆਰ ਕੀਤਾ ਜਾਵੇਗਾ ਜਦਕਿ 52-ਖਰੜ ਲਈ ਸਰਕਾਰੀ ਪੋਲੀਟੈਕਨਿਕ, ਖੂਨੀ ਮਾਜਰਾ ਨੂੰ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਵਜੋਂ ਪਛਾਣਿਆ ਗਿਆ ਹੈ।

ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ.-ਕਮ-ਏ.ਆਰ.ਓ. ਦੀਪਾਂਕਰ ਗਰਗ, ਡੀ.ਐਸ.ਪੀ (ਡੀ) ਰਾਜੇਸ਼ ਹਸਤੀਰ ਅਤੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਸਪੱਸ਼ਟ ਹਦਾਇਤ ਕੀਤੀ ਕਿ ਇਨ੍ਹਾਂ ਦਿਨਾਂ ਦੌਰਾਨ ਖਿਡਾਰੀਆਂ ਦੀ ਕੋਚਿੰਗ ਦੇ ਹਿੱਸੇ ਵਿਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ।

Scroll to Top