ਫਾਜ਼ਿਲਕਾ, 21 ਮਈ 2024: ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਸੋਮਵਾਰ ਦੀ ਰਾਤ ਭਾਰਤ-ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਨੇੜੇ ਦੂਜੀ ਕਤਾਰ ਦੇ ਬੀਐਸਐਫ (BSF) ਤੇ ਪੁਲਿਸ ਤੇ ਸਾਂਝੇ ਨਾਕਿਆਂ (ਸੈਕੰਡ ਲਾਇਨ ਆਫ ਡਿਫੈਂਸ) ਦੀ ਅਚਾਨਕ ਚੈਕਿੰਗ ਕੀਤੀ।
ਜਿਕਰਯੋਗ ਹੈ ਕਿ ਫਾਜ਼ਿਲਕਾ ਇੱਕ ਸਰਹੱਦੀ ਜ਼ਿਲ੍ਹਾ ਹੈ ਜਿਸਦੀ ਇਕ ਲੰਬੀ ਹੱਦ ਪਾਕਿਸਤਾਨ ਨਾਲ ਲੱਗਦੀ ਹੈ ਜਦਕਿ ਇਸਦੀਆਂ ਸੀਮਾਵਾਂ ਰਾਜਸਥਾਨ ਨਾਲ ਵੀ ਲੱਗਦੀਆਂ ਹਨ। ਚੋਣ ਕਮਿਸ਼ਨ ਦੀਆਂ ਪਾਕਿ ਨਾਲ ਜਾਂ ਦੂਜੇ ਰਾਜਾਂ ਨਾਲ ਸਰਹੱਦਾਂ ਸਾਂਝੀਆਂ ਕਰਨ ਵਾਲੇ ਜ਼ਿਲ੍ਹਿਆਂ ਨੁੰ ਵਿਸੇਸ਼ ਚੌਕਸੀ ਰੱਖਣ ਦੀਆਂ ਹਦਾਇਤਾਂ ਦੇ ਮੱਦੇਨਜਰ ਜ਼ਿਲ੍ਹੇ ਵਿਚ ਕੌਮਾਂਤਰੀ ਤੇ ਅੰਤਰਰਾਜੀ ਸਰਹੱਦ ਤੇ ਪੂਰੀ ਪਹਿਰੇਦਾਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਕਿਹਾ ਕਿ ਰਾਤ ਸਮੇਂ ਇਸ ਤਰਾਂ ਦੀ ਚੈਕਿੰਗ ਕਰਨ ਦਾ ਉਦੇਸ਼ ਜਿੱਥੇ ਸੁਰੱਖਿਆ ਪ੍ਰਬੰਧਾਂ ਨੂੰ ਪਰਖਨਾ ਸੀ ਉਥੇ ਹੀ ਇਸ ਨਾਲ ਜਵਾਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਗਈ। ਇਸਦੇ ਨਾਲ ਹੀ ਸਰਹੱਦੀ ਪਿੰਡਾਂ ਵਿਚ ਡਿਪਟੀ ਕਮਿਸ਼ਨਰ ਤੇ ਐਸਐਸਪੀ ਦੇ ਇਸ ਤਰਾਂ ਰਾਤ ਸਮੇਂ ਆਉਣ ਨਾਲ ਲੋਕਾਂ ਵਿਚ ਵੀ ਵਿਸਵਾਸ਼ ਵੱਧਦਾ ਹੈ।
ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੀ 108 ਕਿਲੋਮੀਟਰ ਹੱਦ ਪਾਕਿਸਤਾਨ ਨਾਲ ਅਤੇ 79 ਕਿਲੋਮੀਟਰ ਹੱਦ ਰਾਜਸਥਾਨ ਨਾਲ ਲੱਗਦੀ ਹੈ ਜਿੱਥੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਅਤੇ ਹਰ ਇਕ ਵਾਹਨ ਜਾਂ ਵਿਅਕਤੀ ਦੀ ਜਾਂਚ ਤੋਂ ਬਾਅਦ ਹੀ ਉਸਨੂੰ ਜਾਣ ਦਿੱਤਾ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਵਿਚ 12 ਐਫਐਸਟੀ ਤੇ 12 ਐਸਐਸਟੀ ਵੀ 24 ਘੰਟੇ ਕਾਰਜਸ਼ੀਲ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ਼੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ 1 ਜੂਨ ਨੂੰ ਮਤਦਾਨ ਵਾਲੇ ਦਿਨ ਵੱਧ ਚੜ੍ਹ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਅਤੇ ਹਰੇਕ ਨਾਗਰਿਕ ਬਿਨ੍ਹਾਂ ਕਿਸੇ ਡਰ ਜਾਂ ਲਾਲਚ ਦੇ ਵੋਟ ਪਾਏ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਜਰੂਰੀ ਹੈ ਕਿ ਹਰੇਕ ਵੋਟਰ ਵੋਟ ਪਾਏ।
ਐਸਐਸਪੀ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਤੇ ਸੈਕੰਡ ਲਾਇਨ ਆਫ ਡਿਫੈਂਸ (ਦੂਜੀ ਸੁਰੱਖਿਆ ਕਤਾਰ) ਤੇ ਪੁਲਿਸ ਤੇ ਬੀਐਸਐਫ (BSF) ਸਾਂਝੇ ਤੌਰ ਤੇ ਨਾਕਾਬੰਦੀ ਕਰਕੇ ਮਾੜੇ ਅਨਸਰਾਂ ਤੇ ਨਿਗਾ ਰੱਖ ਰਹੀਆਂ ਹਨ। ਉਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹਨ ਅਤੇ ਲੋਕ ਨਿਡਰ ਹੋ ਕੇ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਕਰਨ।
ਉਨ੍ਹਾਂ ਨੇ ਕਿਹਾ ਕਿ ਭਾਵੇਂ ਕੌਮਾਂਤਰੀ ਸਰਹੱਦ ਹੋਵੇ, ਭਾਵੇਂ ਅੰਤਰਰਾਜੀ ਤੇ ਭਾਵੇਂ ਦੂਜੇ ਜ਼ਿਲ੍ਹਿਆਂ ਨਾਲ ਲੱਗਦੀ ਜ਼ਿਲ੍ਹੇ ਦੀ ਹੱਦ ਹੋਵੇ ਹਰ ਥਾਂ ਪੁਲਿਸ ਦਾ ਸਖ਼ਤ ਪਹਿਰਾ ਹੈ। ਇਸ ਮੌਕੇ ਉਨ੍ਹਾਂ ਨੇ ਜਵਾਨਾਂ ਨੂੰ ਚੌਕਸ ਨਿਗਾਹਾਂ ਨਾਲ ਪਹਿਰੇਦਾਰੀ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਹਰ ਇਕ ਤੇ ਤਿੱਖੀ ਨਜਰ ਰੱਖੀ ਜਾਵੇ। ਇਸ ਮੌਕੇ ਡੀਐਸਪੀ ਫਾਜ਼ਿਲਕਾ ਸੁਬੇਗ ਸਿੰਘ ਵੀ ਉਨ੍ਹਾਂ ਦੇ ਨਾਲ ਹਾਜਰ ਸਨ।