ਐਸ.ਏ.ਐਸ.ਨਗਰ, 21 ਅਗਸਤ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੀਡੀਆ ਹਾਊਸਜ਼ ਅਤੇ ਇਸ਼ਤਿਹਾਰ ਏਜੰਸੀਆਂ ਨੂੰ ਐਮ ਈ ਏ (ਵਿਦੇਸ਼ ਮੰਤਰਾਲੇ) ਤੋਂ ਗੈਰ-ਰਜਿਸਟਰਡ ਭਰਤੀ ਏਜੰਟਾਂ ਦੇ ਵਿਦੇਸ਼ੀ ਭਰਤੀ (ਓਵਰਸੀਜ਼ ਇੰਪਲੋਏਮੈਂਟ) ਦੇ ਇਸ਼ਤਿਹਾਰ ਨਾ ਛਾਪੇ ਜਾਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਰਤੀ ਦਾ ਕਾਰੋਬਾਰ ਸਿਰਫ਼ ਭਾਰਤੀ ਵਿਦੇਸ਼ ਮੰਤਰਾਲੇ ਕੋਲ ਰਜਿਸਟਰਡ ਭਰਤੀ ਏਜੰਸੀਆਂ ਵੱਲੋਂ ਹੀ ਕੀਤਾ ਜਾ ਸਕਦਾ ਹੈ ਜਦਕਿ ਕੋਈ ਹੋਰ ਜੋ ਅਜਿਹਾ ਕਰਨਾ ਚਾਹੁੰਦਾ ਹੈ, ਉਸ ਨੂੰ ਪ੍ਰਵਾਨਗੀ ਤੋਂ ਬਿਨਾਂ ਪੂਰੀ ਤਰ੍ਹਾਂ ਗੈਰ-ਕਾਨੂੰਨੀ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ ਚ ਰੋਜ਼ਗਾਰ ਲਈ ਭਰਤੀ ਕਰਨ ਵਾਲੇ ਏਜੰਟ ਜਾਂ ਏਜੰਸੀ ਕੋਲ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਭਾਰਤੀ ਵਿਦੇਸ਼ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਲਾਇਸੰਸ ਹੋਣਾ ਲਾਜ਼ਮੀ ਹੈ।
ਉਨ੍ਹਾਂ ਨੇ ਅੱਗੇ ਸਪੱਸ਼ਟ ਕੀਤਾ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਅਧੀਨ ਪੰਜਾਬ ਸਰਕਾਰ (ਜ਼ਿਲ੍ਹਾ ਮੈਜਿਸਟ੍ਰੇਟਾਂ ਰਾਹੀਂ) ਵੱਲੋਂ ਜਾਰੀ ਕੀਤੇ ਲਾਇਸੰਸ ਸਿਰਫ਼ ਟਰੈਵਲ ਏਜੰਸੀ ਦਾ ਕਾਰੋਬਾਰ ; ਆਈਲੈਟਸ ਦੀਆਂ ਕੋਚਿੰਗ ਸੰਸਥਾਵਾਂ; ਵੀਜ਼ਾ/ਪਾਸਪੋਰਟ ਕੰਸਲਟੈਂਸੀ ਜਾਂ ਟਿਕਟਿੰਗ ਏਜੰਟ ਅਤੇ ਜਨਰਲ ਸੇਲਜ਼ ਏਜੰਟ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੰਦੇ ਹਨ। ਪਰ, ਇਹ ਲਾਇਸੈਂਸ ਏਜੰਸੀਆਂ ਨੂੰ ਵਿਦੇਸ਼ੀ ਰੁਜ਼ਗਾਰ ਲਈ ਭਰਤੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ, ਜੋ ਕਿ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਵਿਸ਼ੇਸ਼ ਤੌਰ ‘ਤੇ ਨਿਯੰਤ੍ਰਿਤ ਹੈ।
ਡਿਪਟੀ ਕਮਿਸ਼ਨਰ ਨੇ ਵਿਦੇਸ਼ ਮੰਤਰਾਲਾ, ਭਾਰਤ ਸਰਕਾਰ, ਚੰਡੀਗੜ੍ਹ ਦੇ ਦਫ਼ਤਰ, ਪ੍ਰੋਟੈਕਟਰ ਆਫ ਇਮੀਗ੍ਰੈਂਟਸ, ਚੰਡੀਗੜ੍ਹ ਦੇ ਪੱਤਰ ਦਾ ਹਵਾਲਾ ਦਿੰਦੇ ਹੋਏ, ਅੱਗੇ ਕਿਹਾ ਕਿ ਭਾਰਤੀ ਵਿਦੇਸ਼ ਮੰਤਰਾਲੇ ਤੋਂ ਰਜਿਸਟਰਡ ਭਰਤੀ ਏਜੰਸੀਆਂ ਨੂੰ ਉਮੀਦਵਾਰਾਂ ਦੀ ਇੰਟਰਵਿਊ, ਉਨ੍ਹਾਂ ਦੇ ਰਜਿਸਟਰਡ ਦਫਤਰ/ਥਾਂ ‘ਤੇ ਕਰਨ ਦੀ ਇਜਾਜ਼ਤ ਹੈ ਅਤੇ ਉਹ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਨਾਲ ਉਹ ਵੱਖ-ਵੱਖ ਸਥਾਨਾਂ ‘ਤੇ ਇੰਟਰਵਿਊ ਵੀ ਕਰ ਸਕਦੇ ਹਨ।
ਉਨ੍ਹਾਂ ਮੀਡੀਆ ਹਾਊਸ, ਵਿਗਿਆਪਨ ਏਜੰਸੀਆਂ ਅਤੇ ਹੋਰ ਸੋਸ਼ਲ ਮੀਡੀਆ ਵਿਗਿਆਪਨ ਪਲੇਟਫਾਰਮਾਂ ਨੂੰ ਵਿਦੇਸ਼ਾਂ ਵਿਚ ਨੌਕਰੀਆਂ ਲਈ ਜਾਅਲੀ ਇਸ਼ਤਿਹਾਰਾਂ ਛਾਪਣ ਤੋਂ ਬਚਣ ਲਈ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਸੈਂਕੜੇ ਬੇਕਸੂਰ ਉਮੀਦਵਾਰਾਂ ਦੇ ਭਵਿੱਖ ਅਤੇ ਪੈਸੇ ਨੂੰ ਬਚਾਉਣ ਲਈ ਸਹਾਈ ਹੋਵੇਗਾ ਜੋ ਅਜਿਹੇ ਵਿਦੇਸ਼ੀ ਨੌਕਰੀਆਂ ਦੇ ਫਰਜ਼ੀ ਫਰਮਾਂ ਦੇ ਇਸ਼ਤਿਹਾਰਾਂ ਦਾ ਸ਼ਿਕਾਰ ਹੋ ਜਾਂਦੇ ਹਨ।