July 4, 2024 9:27 pm
SAS Nagar

DC ਆਸ਼ਿਕਾ ਜੈਨ ਵੱਲੋਂ ਲੋਕ ਸਭਾ ਚੋਣਾਂ ਨਿਰਵਿਘਨ ਅਤੇ ਸ਼ਾਂਤੀਪੂਰਵਕ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਮਈ 2024: ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ (DC Aashika Jain) ਨੇ ਆਗਾਮੀ ਲੋਕ ਸਭਾ ਚੋਣਾਂ ਸਬੰਧੀਂ ਲਾਗੂ ਹੋਏ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਸਮੇਤ ਚੋਣਾਂ ਨਿਰਵਿਘਨ ਅਤੇ। ਸ਼ਾਂਤੀਪੂਰਵਕ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਡੀ.ਸੀ. ਸ੍ਰੀਮਤੀ ਆਸ਼ਿਕਾ ਜੈਨ ਨੇ ਕੁਝ ਖਾਸ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਸਮੂਹ ਸਿਆਸੀ ਪਾਰਟੀਆਂ ਤੇ ਸੰਭਾਵੀ ਉਮੀਦਵਾਰਾਂ ਸਮੇਤ ਚੋਣ ਪ੍ਰਚਾਰ ‘ਚ ਲੱਗੇ ਹਰੇਕ ਵਿਅਕਤੀਆਂ ਨੂੰ ਇਨ੍ਹਾਂ ਦਾ ਪਾਲਣ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਸਮੇਤ ਚੋਣਾਂ ਸ਼ਾਂਤਮਈ ਤੇ ਬਿਨ੍ਹਾਂ ਡਰ ਭੈਅ ਤੋਂ ਕਰਵਾਉਣ ਲਈ ਇਹ ਹੁਕਮ 5 ਜੂਨ ਤੱਕ ਲਾਗੂ ਰਹਿਣਗੇ।

ਜਾਰੀ ਹੁਕਮਾਂ ਮੁਤਾਬਕ ਕੋਈ ਵੀ ਪਾਰਟੀ ਜਾਂ ਉਮੀਦਵਾਰ ਅਜਿਹੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਵੇਗਾ ਜੋ ਆਪਸੀ ਭਾਈਚਾਰਿਆਂ ਦਰਮਿਆਨ ਕਿਸੇ ਤਰ੍ਹਾਂ ਦੇ ਮਤਭੇਦ ਵਧਾਵੇ ਜਾਂ ਆਪਸੀ ਨਫ਼ਰਤ ਪੈਦਾ ਕਰੇ ਜਾਂ ਫਿਰ ਵੱਖ-ਵੱਖ ਜਾਤਾਂ, ਫਿਰਕਿਆਂ,ਭਾਈਚਾਰਿਆਂ, ਧਾਰਮਿਕ ਜਾਂ ਭਾਸ਼ਾ ਬਾਰੇ ਦੁਵੱਲਾ ਤਣਾਅ ਪੈਦਾ ਕਰੇ।ਪਾਰਟੀਆਂ ਅਤੇ ਸੰਭਾਵੀ ਉਮੀਦਵਾਰ ਦੂਜੀ ਪਾਰਟੀ ਜਾਂ ਉਮੀਦਵਾਰਾਂ ਦੇ ਨਿੱਜੀ ਜੀਵਨ ਦੇ ਅਜਿਹੇ ਪਹਿਲੂਆਂ ਦੀ ਆਲੋਚਨਾ ਤੋਂ ਪਰਹੇਜ਼ ਕਰਨ, ਜੋ ਕਿ ਉਨ੍ਹਾਂ ਦੀਆਂ ਜਨਤਕ ਗਤੀਵਿਧੀਆਂ ਆਦਿ ਨਾਲ ਨਾ ਜੁੜਿਆ ਹੋਇਆ ਹੋਵੇ।

ਵੋਟਾਂ ਹਾਸਲ ਕਰਨ ਲਈ ਜਾਤੀ ਜਾਂ ਫਿਰਕੂ ਭਾਵਨਾਵਾਂ ਦੀ ਕੋਈ ਅਪੀਲ ਨਹੀਂ ਕੀਤੀ ਜਾਵੇਗੀ।ਇਸੇ ਤਰ੍ਹਾਂ ਧਾਰਮਿਕ ਅਸਥਾਨਾਂ, ਜਿਨ੍ਹਾਂ ਵਿੱਚ ਗੁਰਦੁਆਰੇ, ਮੰਦਿਰ, ਮਸਜਿਦ, ਚਰਚ ਜਾਂ ਕੋਈ ਹੋਰ ਪੂਜਾ ਸਥਾਨ ਆਦਿ ਨੂੰ ਵੀ ਚੋਣ ਪ੍ਰਚਾਰ ਆਦਿ ਦੇ ਕੰਮ ਲਈ ਨਹੀਂ ਵਰਤਿਆ ਜਾਵੇਗਾ।

ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਉਨ੍ਹਾਂ ਸਾਰੀਆਂ ਅਜਿਹੀਆਂ ਗਤੀਵਿਧੀਆਂ ਤੋਂ ਬਚਣਾ ਚਾਹੀਦਾ ਹੈ ਜੋ “ਭ੍ਰਿਸ਼ਟ ਗਤੀਵਿਧੀਆਂ” ਅਤੇ ਚੋਣ ਕਾਨੂੰਨ ਦੇ ਤਹਿਤ ਅਪਰਾਧ ਦੀ ਸ਼ੇਣੀ ਵਿੱਚ ਆਉਂਦੀਆਂ ਹਨ, ਜਿਵੇਂ ਕਿ ਵੋਟਰਾਂ ਨੂੰ ਪੈਸੇ ਜਾਂ ਕੋਈ ਕੀਮਤੀ ਵਸਤੂ ਦਾ ਲਾਲਚ ਦੇਕੇ ਭਰਮਾਉਣਾ, ਰਿਸ਼ਵਤ ਦੇਣਾ, ਵੋਟਰਾਂ ਨੂੰ ਡਰਾਉਣਾ ਤੇ ਧਮਕਾਉਣਾ। ਇਸ ਤੋਂ ਬਿਨ੍ਹਾਂ ਵੋਟਾਂ ਤੋਂ 48 ਘੰਟੇ ਪਹਿਲਾਂ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਘੇਰੇ ਦੇ ਅੰਦਰ ਚੋਣ ਪ੍ਰਚਾਰ ਕਰਨਾ, ਇਸ ਸਮੇਂ ਦੌਰਾਨ ਜਨਤਕ ਮੀਟਿੰਗਾਂ ਕਰਨ ਦੀ ਮਨਾਹੀ ਹੈ। ਜਦਕਿ ਚੋਣਾਂ ਤੋਂ 48 ਘੰਟੇ ਪਹਿਲਾਂ ਤੇ ਵੋਟਾਂ ਪੈਣ ਦੀ ਪ੍ਰਕ੍ਰਿਆ ਬੰਦ ਹੋਣ ਦੀ ਮਿਆਦ ਤੱਕ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਤੱਕ ਛੱਡਣਾ ਅਤੇ ਪੋਲਿੰਗ ਸਟੇਸ਼ਨ ਤੋਂ ਲੈਕੇ ਜਾਣ ਦੀ ਵੀ ਮਨਾਹੀ ਹੋਵੇਗੀ।ਕਿਸੇ ਵੀ ਹਾਲਤ ਵਿੱਚ ਕਿਸੇ ਵੀ ਵਿਅਕਤੀਆਂ ਦੇ ਵਿਚਾਰਾਂ ਜਾਂ ਗਤੀਵਿਧੀਆਂ ਦਾ ਵਿਰੋਧ ਕਰਨ ਲਈ ਉਨ੍ਹਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਜਾਂ ਧਰਨੇ ਲਗਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕੋਈ ਵੀ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਆਪਣੇ ਵਰਕਰਾਂ ਜਾਂ ਆਗੂਆਂ ਆਦਿ ਨੂੰ ਕਿਸੇ ਦੂਜੇ ਵਿਅਕਤੀ ਦੀ ਨਿਜੀ ਜ਼ਮੀਨ, ਇਮਾਰਤ, ਕੰਪਾਊਂਡ ਦੀਵਾਰ ਆਦਿ ਦੀ ਚੋਣ ਪ੍ਰਚਾਰ ਲਈ ਵਰਤੋਂ ਉਸਦੀ ਆਗਿਆ ਤੋਂ ਬਿਨਾਂ ਨਹੀਂ ਕਰ ਸਕਣਗੇ। ਸਬੰਧਤ ਵਿਅਕਤੀ ਦੀ ਪ੍ਰਵਾਨਗੀ ਤੋਂ ਬਗੈਰ ਉਸਦੇ ਘਰ, ਇਮਾਰਤ, ਦਿਵਾਰ ਆਦਿ ਉਪਰ ਝੰਡੇ, ਬੈਨਰ, ਨੋਟਿਸ ਚਿਪਕਾਉਣ, ਨਾਅਰੇ ਲਿਖਣ ਆਦਿ ਦੀ ਵੀ ਇਜਾਜ਼ਤ ਨਹੀਂ ਹੋਵੇਗੀ l ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਸਮਰਥਕ ਦੂਜੀਆਂ ਪਾਰਟੀਆਂ ਦੁਆਰਾ ਆਯੋਜਿਤ ਮੀਟਿੰਗਾਂ ਅਤੇ ਜਲੂਸਾਂ ਵਿੱਚ ਰੁਕਾਵਟ ਨਾ ਪਾਉਣ ਜਾਂ ਇਨ੍ਹਾਂ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਦੀ ਕੋਸ਼ਿਸ਼ ਨਾ ਕਰਨ।

ਕਿਸੇ ਇੱਕ ਰਾਜਨੀਤਿਕ ਪਾਰਟੀ ਦੇ ਵਰਕਰ ਜਾਂ ਹਮਦਰਦ ਕਿਸੇ ਹੋਰ ਰਾਜਨੀਤਿਕ ਪਾਰਟੀ ਦੁਆਰਾ ਆਯੋਜਿਤ ਜਨਤਕ ਮੀਟਿੰਗਾਂ ਵਿੱਚ ਜ਼ੁਬਾਨੀ ਜਾਂ ਲਿਖਤੀ ਰੂਪ ਵਿੱਚ ਜਾਂ ਆਪਣੀ ਪਾਰਟੀ ਦੇ ਪਰਚੇ ਆਦਿ ਵੰਡ ਕੇ ਵਿਘਨ ਨਹੀਂ ਪਾਉਣਗੇ। ਇਸ ਤੋਂ ਬਿਨ੍ਹਾਂ ਇੱਕ ਧਿਰ ਵੱਲੋਂ ਉਥੇ ਆਪਣਾ ਜਲਸਾ-ਜਲੂਸ ਜਾਂ ਮਾਰਚ ਨਹੀਂ ਕੱਢਿਆ ਜਾਵੇਗਾ ਜਿੱਥੇ ਦੂਜੀ ਧਿਰ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹੋਣ। ਇਸੇ ਤਰ੍ਹਾਂ ਹੀ ਇੱਕ ਪਾਰਟੀ ਵੱਲੋਂ ਜਾਰੀ ਕੀਤੇ ਜਾਂ ਲਗਾਏ ਗਏ ਪੋਸਟਰ ਦੂਜੀ ਪਾਰਟੀ ਦੇ ਵਰਕਰਾਂ ਵੱਲੋਂ ਨਹੀਂ ਹਟਾਏ ਜਾਣਗੇ।

ਜ਼ਿਲ੍ਹਾ ਮੈਜਿਸਟ੍ਰੇਟ (DC Aashika Jain) ਨੇ ਆਪਣੇ ਹੁਕਮਾਂ ਵਿੱਚ ਅੱਗੇ ਕਿਹਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਉਮੀਦਵਾਰ ਸਬੰਧਤ ਅਥਾਰਟੀ ਜਾਂ ਸਬੰਧਤ ਏ.ਆਰ.ਓਜ ਕੋਲ ਅਰਜ਼ੀ ਦੇਣਗੇ ਅਤੇ ਸਥਾਨ ਅਤੇ ਸਮੇਂ ਆਦਿ ਦੇ ਵੇਰਵੇ ਦੇ ਕੇ ਆਪਣੀ ਮੀਟਿੰਗ ਲਈ ਲਾਜਮੀ ਪ੍ਰਵਾਨਗੀ ਪ੍ਰਾਪਤ ਕਰਨਗੇ। ਪਾਰਟੀ ਜਾਂ ਉਮੀਦਵਾਰ ਕਿਸੇ ਵੀ ਪ੍ਰਸਤਾਵਿਤ ਮੀਟਿੰਗ ਦੇ ਸਥਾਨ ਅਤੇ ਸਮੇਂ ਬਾਰੇ ਸਥਾਨਕ ਪੁਲਿਸ ਨੂੰ ਸਮੇਂ ਸਿਰ ਸੂਚਿਤ ਕਰੇਗਾ ਤਾਂ ਜੋ ਪੁਲਿਸ ਉਸ ਸਥਾਨ ਵਿਖੇ ਆਵਾਜਾਈ ਨੂੰ ਨਿਯੰਤਰਿਤ ਕਰਨ ਅਤੇ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੇ ਪ੍ਰਬੰਧ ਸਮੇਂ ਸਿਰ ਕਰ ਸਕੇ।

ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੂੰ ਆਪਣੇ ਜਲਸੇ, ਜਲੂਸ, ਮਾਰਚ ਜਾਂ ਆਪਣੇ ਇਕੱਠੇ ਹੋਣ ਵਾਲੇ ਸਥਾਨ ਵਿਖੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਥਿਆਰ, ਲਾਠੀਆਂ ਜਾਂ ਅਪਰਾਧ ਦਾ ਕੋਈ ਹੋਰ ਹਥਿਆਰ, ਨਸ਼ੀਲੇ ਪਦਾਰਥ ਜਾਂ ਹੋਰ ਖਤਰਨਾਕ ਪਦਾਰਥ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਜੇਕਰ ਕਿਸੇ ਪ੍ਰਸਤਾਵਿਤ ਮੀਟਿੰਗ ਦੇ ਸਬੰਧ ਵਿੱਚ ਲਾਊਡ ਸਪੀਕਰ ਜਾਂ ਕਿਸੇ ਹੋਰ ਸਹੂਲਤ ਦੀ ਵਰਤੋਂ ਲਈ ਇਜਾਜ਼ਤ ਜਾਂ ਲਾਇਸੈਂਸ ਪ੍ਰਾਪਤ ਕੀਤਾ ਜਾਣਾ ਹੈ, ਤਾਂ ਪਾਰਟੀ ਜਾਂ ਉਮੀਦਵਾਰ ਪਹਿਲਾਂ ਹੀ ਸਬੰਧਤ ਅਥਾਰਟੀ ਨੂੰ ਅਰਜ਼ੀ ਦੇਣਗੇ ਅਤੇ ਅਜਿਹੀ ਇਜਾਜ਼ਤ ਜਾਂ ਲਾਇਸੈਂਸ ਸਮੇਂ ਸਿਰ ਪ੍ਰਾਪਤ ਕਰਨਗੇ। ਚੋਣ ਪ੍ਰਚਾਰ ਲਈ ਲਾਊਡ ਸਪੀਕਰਾਂ ਦੀ ਵਰਤੋਂ ਰਾਤ 10.00 ਵਜੇ ਤੋਂ ਬਾਅਦ ਅਤੇ ਸਵੇਰੇ 6.00 ਵਜੇ ਤੋਂ ਪਹਿਲਾਂ ਨਹੀਂ ਕੀਤੀ ਜਾਣੀ ਚਾਹੀਦੀ। ਇਸੇ ਤਰ੍ਹਾਂ ਸਮਰੱਥ ਅਧਿਕਾਰੀ ਦੁਆਰਾ ਪ੍ਰਵਾਨਿਤ ਜਲੂਸ ਦੇ ਨਿਰਧਾਰਤ ਪ੍ਰੋਗਰਾਮ ਤੋਂ ਬਗੈਰ ਉਸ ਨੂੰ ਕਿਸੇ ਹੋਰ ਖੇਤਰ ਵਿੱਚ ਨਹੀਂ ਲਿਜਾਇਆ ਜਾ ਸਕੇਗਾ।

ਕਿਸੇ ਵੀ ਜਲਸੇ ਜਾਂ ਜਲੂਸ ਦੇ ਪ੍ਰਬੰਧਕਾਂ ਨੂੰ ਆਪਣੇ ਜਲੂਸ ਨੂੰ ਲੰਘਣ ਲਈ ਪ੍ਰਬੰਧ ਕਰਨ ਲਈ ਪਹਿਲਾਂ ਤੋਂ ਹੀ ਕਦਮ ਚੁੱਕਣੇ ਪੈਣਗੇ ਤਾਂ ਜੋ ਆਵਾਜਾਈ ਵਿੱਚ ਕੋਈ ਰੁਕਾਵਟ ਜਾਂ ਵਿਘਨ ਨਾ ਪਵੇ। ਇਨ੍ਹਾਂ ਜਲੂਸਾਂ ਜਾਂ ਮਾਰਚ ਨੂੰ ਇਸ ਕਦਰ ਨਿਯੰਤ੍ਰਿਤ ਕੀਤਾ ਜਾਵੇਗਾ ਤਾਂ ਕਿ ਇਹ ਸੜਕੀ ਆਵਾਜਾਈ ਵਿੱਚ ਕੋਈ ਰੁਕਾਵਟ ਨਾ ਪਾਵੇ ਅਤੇ ਇਸ ਨੂੰ ਹੋ ਸਕੇ ਤਾਂ ਸੜਕ ਦੇ ਸੱਜੇ ਪਾਸੇ ਰੱਖਿਆ ਜਾਵੇ ਅਤੇ ਡਿਊਟੀ ‘ਤੇ ਤਾਇਨਾਤ ਪੁਲਿਸ ਦੇ ਨਿਰਦੇਸ਼ ਅਤੇ ਸਲਾਹ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।

ਰਾਜਨੀਤਿਕ ਪਾਰਟੀਆਂ ਜਾਂ ਉਮੀਦਵਾਰ ਅਜਿਹੇ ਜਲੂਸਾਂ ਦੇ ਮਾਮਲੇ ਵਿੱਚ ਵੱਧ ਤੋਂ ਵੱਧ ਇਹਤਿਹਾਤ ਵਰਤਣਗੇ ਅਤੇ ਕੋਈ ਅਜਿਹੀ ਸਮੱਗਰੀ ਨਾਲ ਲੈਕੇ ਨਹੀਂ ਚੱਲਣਗੇ, ਜਿਸ ਨੂੰ ਕਿਸੇ ਗ਼ੈਰਸਮਾਜੀ ਤੱਤਾਂ ਦੁਆਰਾ ਕਿਸੇ ਤਰ੍ਹਾਂ ਦੇ ਨਾਅਰੇ ਆਦਿ ਮਾਰਨ ਸਮੇਂ ਇਸ ਦੀ ਦੁਰਵਰਤੋਂ ਨਾ ਕੀਤੀ ਜਾ ਸਕੇ।

ਇਨ੍ਹਾਂ ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਵੱਲੋਂ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਮੈਂਬਰਾਂ ਜਾਂ ਉਨ੍ਹਾਂ ਦੇ ਨੇਤਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ਦੇ ਪੁਤਲੇ ਲੈ ਕੇ ਜਾਣ ਜਾਂ ਜਨਤਕ ਤੌਰ ‘ਤੇ ਅਜਿਹੇ ਪੁਤਲੇ ਫੂਕਣ ਅਤੇ ਅਜਿਹੀਆਂ ਹੋਰ ਗਤੀਵਿਧੀਆਂ ਦੀ ਵੀ ਇਜ਼ਾਜਤ ਨਹੀਂ ਹੋਵੇਗੀ।

ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰ ਪੋਲਿੰਗ ਵਾਲੇ ਦਿਨ ਵਾਹਨਾਂ ਦੇ ਚੱਲਣ ‘ਤੇ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਦੀ ਪਾਲਣਾ ਕਰਨ ਲਈ ਚੋਣ ਅਧਿਕਾਰੀਆਂ ਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨਗੇ ਅਤੇ ਆਪਣੇ ਵਾਹਨਾਂ ਲਈ ਨਿਰਧਾਰਤ ਪਰਮਿਟ ਪ੍ਰਾਪਤ ਕਰਨਗੇ ਜੋ ਉਨ੍ਹਾਂ ਵਾਹਨਾਂ ‘ਤੇ ਪ੍ਰਮੁੱਖ ਤੌਰ ‘ਤੇ ਪ੍ਰਦਰਸ਼ਿਤ ਕੀਤੇ ਜਾਣਗੇ।