Republic Day

DC ਆਸ਼ਿਕਾ ਜੈਨ ਨੇ ਗਣਤੰਤਰ ਦਿਵਸ ਦੀ ਤਿਆਰੀ ਲਈ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਜਨਵਰੀ, 2024: ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ 26 ਜਨਵਰੀ, 2024 ਮੌਕੇ ਮੋਹਾਲੀ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਦੀ ਗਰਾਊਂਡ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ (Republic Day) ਸਮਾਗਮ ਦੀ ਤਿਆਰੀ ਲਈ ਅੱਜ ਇੱਕ ਮੀਟਿੰਗ ਕਰਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਸੌਂਪੀਆਂ।

ਦੇਸ਼ ਭਗਤੀ ਅਤੇ ਜੋਸ਼ ਭਰਪੂਰ ਸੱਭਿਆਚਾਰਕ ਗਤੀਵਿਧੀਆਂ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਸ੍ਰੀਮਤੀ ਸੋਨਮ ਚੌਧਰੀ ਏ.ਡੀ.ਸੀ. (ਪੇਂਡੂ ਵਿਕਾਸ) ਨੂੰ ਸੱਭਿਆਚਾਰਕ ਪ੍ਰੋਗਰਾਮ ਤਿਆਰ ਕਰਵਾਉਣ ਦੀ ਡਿਊਟੀ ਸੌਂਪੀ। ਉਨ੍ਹਾਂ ਨਾਲ ਟੀਮ ਵਿੱਚ ਜੁਆਇੰਟ ਕਮਿਸ਼ਨਰ ਐਮ.ਸੀ.ਮੋਹਾਲੀ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਂਬਰ ਵਜੋਂ ਸ਼ਾਮਲ ਹਨ। ਉਨ੍ਹਾਂ ਨੂੰ ਸਮਾਗਮ ਵਾਲੇ ਦਿਨ ਪ੍ਰਦਰਸ਼ਿਤ ਕਰਨ ਲਈ ਵਿਕਾਸ ਅਤੇ ਭਲਾਈ ਸਕੀਮਾਂ ਸਬੰਧੀ ਝਾਕੀਆਂ ਤਿਆਰ ਕਰਵਾਉਣ ਲਈ ਵੀ ਕਿਹਾ ਗਿਆ। ਏ.ਡੀ.ਸੀ. (ਸ਼ਹਿਰੀ ਵਿਕਾਸ) ਨੂੰ ਆਜ਼ਾਦੀ ਘੁਲਾਟੀਆਂ ਦੇ ਬੈਠਣ ਦੇ ਪ੍ਰਬੰਧਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਜ਼ਿਲ੍ਹਾ ਪੁਲੀਸ ਨੂੰ ਉਥੇ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਮਾਰਚ ਪਾਸਟ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ। ਸਹਾਇਕ ਕਮਿਸ਼ਨਰ (ਜ) ਨੂੰ ਡਿਊਟੀ ਪਾਸ ਜਾਰੀ ਕਰਨ ਅਤੇ ਸੱਦਾ ਪੱਤਰ ਦੇਣ ਲਈ ਪਾਬੰਦ ਕੀਤਾ ਗਿਆ।

ਸਿਹਤ ਅਧਿਕਾਰੀਆਂ ਨੂੰ ਰਿਹਰਸਲਾਂ ਅਤੇ ਪ੍ਰੋਗਰਾਮ ਵਾਲੇ ਦਿਨ ਲਈ ਮੈਡੀਕਲ ਟੀਮਾਂ ਤਾਇਨਾਤ ਕਰਨ ਲਈ ਕਿਹਾ ਗਿਆ ਸੀ। ਖੇਤਰੀ ਟਰਾਂਸਪੋਰਟ ਅਫਸਰ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਆਵਾਜਾਈ ਸਾਧਨਾਂ ਦਾ ਪ੍ਰਬੰਧ ਕਰਨ ਲਈ ਕਿਹਾ ਜੋ ਸੱਭਿਆਚਾਰਕ ਸਮਾਗਮ ਵਿੱਚ ਭਾਗ ਲੈਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀਣ ਵਾਲੇ ਪਾਣੀ ਅਤੇ ਆਰਜ਼ੀ ਵਾਸ਼ ਰੂਮਾਂ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਰਿਹਰਸਲ ਅਤੇ ਪ੍ਰੋਗਰਾਮ ਦੌਰਾਨ ਕਿਸੇ ਨੂੰ ਕੋਈ ਦਿੱਕਤ ਨਾ ਆਵੇ।

ਐਸ ਡੀ ਐਮ ਮੋਹਾਲੀ ਸਮਾਗਮ ਦੇ ਸਮੁੱਚੇ ਇੰਚਾਰਜ ਹੋਣਗੇ ਜਦਕਿ ਏ ਡੀ ਸੀ (ਜੀ) ਪ੍ਰਬੰਧਾਂ (Republic Day) ਦੀ ਨਿਗਰਾਨੀ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਦਫ਼ਤਰੀ ਮੁਖੀ 10 ਜਨਵਰੀ ਤੱਕ ਸਿਫ਼ਾਰਸ਼ਾਂ ਦੇ ਸਕਦੇ ਹਨ। ਇਸੇ ਤਰ੍ਹਾਂ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ ਵਿਰਾਜ ਐਸ ਤਿੜਕੇ, ਸੋਨਮ ਚੌਧਰੀ, ਦਮਨਜੀਤ ਸਿੰਘ ਮਾਨ, ਐਸ ਡੀ ਐਮ ਮੋਹਾਲੀ ਚੰਦਰਜੋਤੀ ਸਿੰਘ, ਨਿਗਰਾਨ ਇੰਜਨੀਅਰ ਐਮ ਸੀ ਮੋਹਾਲੀ ਨਰੇਸ਼ ਬੱਤਾ, ਡੀ ਆਰ ਓ ਅਮਨਦੀਪ ਚਾਵਲਾ, ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਹਾਜ਼ਰ ਸਨ।

Scroll to Top