Cannabis Plants

DC ਆਸ਼ਿਕਾ ਜੈਨ ਵੱਲੋਂ ਅਧਿਕਾਰੀਆਂ ਨੂੰ ਭੰਗ ਦੇ ਪੌਦਿਆਂ ਨੂੰ ਤੁਰੰਤ ਪ੍ਰਭਾਵ ਨਾਲ ਨਸ਼ਟ ਕਰਨ ਦੀ ਹਦਾਇਤ

ਐਸ.ਏ.ਐਸ.ਨਗਰ, 20 ਮਈ, 2024: ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਭੰਗ ਦੇ ਪੌਦਿਆਂ (Cannabis Plants) ਦੇ ਵਿਆਪਕ ਵਾਧੇ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਨੂੰ ਤੁਰੰਤ ਪ੍ਰਭਾਵ ਨਾਲ ਨਸ਼ਟ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ।

ਅੱਜ ਇੱਥੇ ਸ਼ਹਿਰੀ ਅਤੇ ਦਿਹਾਤੀ ਲੋਕਲ ਬਾਡੀਜ਼ ਅਤੇ ਡਰੱਗ ਕੰਟਰੋਲ ਅਥਾਰਟੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਜੈਨ ਨੇ ਕਿਹਾ ਕਿ ਨਸ਼ਿਆਂ ਵਜੋਂ ਵਰਤੇ ਜਾਣ ਵਾਲੇ ਅਜਿਹੇ ਪੌਦਿਆਂ ਦੀ ਆਸਾਨੀ ਨਾਲ ਉਪਲਬੱਧਤਾ ਸਾਡੇ ਨੌਜਵਾਨਾਂ ਲਈ ਖਤਰਨਾਕ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੰਗਲੀ ਭੰਗ ਦੇ ਪੌਦੇ ਛੋਟੇ ਜਾਂ ਵੱਡੇ ਹੋਣ ਵਾਲੇ ਕਿਸੇ ਵੀ ਖੇਤਰ ਦੀ ਫੀਲਡ ਟੀਮਾਂ ਰਾਹੀਂ ਸ਼ਨਾਖਤ ਕੀਤੀ ਜਾਵੇ ਅਤੇ ਸਬੰਧਤ ਦਫ਼ਤਰ ਦੇ ਮੁਖੀ ਦੇ ਹਸਤਾਖਰਾਂ ਹੇਠ ਰਿਪੋਰਟ ਪੇਸ਼ ਕੀਤੀ ਜਾਵੇ ਜੋ ਕਿ ਈ.ਓ., ਬੀ.ਡੀ.ਪੀ.ਓ., ਐਕਸ.ਈ.ਐਨ.ਪੀ.ਡਬਲਿਊ.ਡੀ., ਐਕਸ.ਈ.ਐਨ. ਮੰਡੀ ਬੋਰਡ, ਡੀ.ਐਫ.ਓ. ਜਿਵੇਂ ਹੋ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ, “ਇੱਕ ਵਾਰ ਭੰਗ ਵਾਲੇ ਖੇਤਰ ਦੀ ਪਛਾਣ ਹੋ ਜਾਣ ਤੋਂ ਬਾਅਦ, ਸਬੰਧਤ ਜ਼ਮੀਨ ਦੀ ਮਾਲਕੀ ਵਾਲੀ ਏਜੰਸੀ ਉਸ (Cannabis Plants) ਨੂੰ ਨਸ਼ਟ ਕਰਨ ਲਈ ਤੁਰੰਤ ਕਦਮ ਚੁੱਕੇ।” ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਵੀ ਨਿੱਜੀ ਜ਼ਮੀਨ/ਪਲਾਟ ਵਿੱਚ ਭੰਗ ਉੱਗੀ ਪਾਈ ਜਾਂਦੀ ਹੈ, ਤਾਂ ਸਬੰਧਤ ਈ.ਓ., ਬੀ.ਡੀ.ਪੀ.ਓ., ਟਾਊਨ ਪਲੈਨਿੰਗ ਅਥਾਰਟੀ ਆਦਿ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਨੂੰ ਵਿਗਿਆਨਕ ਢੰਗ ਨਾਲ ਨਸ਼ਟ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੰਤਵ ਲਈ ਤੁਰੰਤ ਟੀਮਾਂ ਤਾਇਨਾਤ ਕੀਤੀਆਂ ਜਾਣ ਅਤੇ ਰੋਜ਼ਾਨਾ ਸ਼ਾਮ ਤੱਕ ਐਕਸ਼ਨ ਟੇਕਨ ਰਿਪੋਰਟ ਉਨ੍ਹਾਂ ਦੇ ਦਫ਼ਤਰ ਨੂੰ ਭੇਜੀਆਂ ਜਾਣ। ਉਨ੍ਹਾਂ ਮੋਹਾਲੀ ਦੇ ਮੁੱਖ ਖੇਤੀਬਾੜੀ ਅਫਸਰ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਭੰਗ ਨੂੰ ਨਸ਼ਟ ਕਰਨ ਬਾਰੇ ਤਕਨੀਕ/ਵਿਧੀ ਪੀਏਯੂ ਮਾਹਿਰਾਂ ਦੀ ਅਗਵਾਈ ਜਾਂ ਡਰੱਗ ਕੰਟਰੋਲ ਅਥਾਰਟੀ ਵਰਗੀ ਕਿਸੇ ਹੋਰ ਢੁਕਵੀਂ ਏਜੰਸੀ ਤੋਂ ਪ੍ਰਾਪਤ ਕੀਤੀ ਜਾਵੇ ਅਤੇ ਇਸ ਨੂੰ ਸਾਰੇ ਸਬੰਧਤ ਵਿਭਾਗਾਂ ਵਿੱਚ ਤੁਰੰਤ ਪਹੁੰਚਾਇਆ ਜਾਵੇ।

ਜ਼ੋਨਲ ਲਾਇਸੈਂਸਿੰਗ ਅਥਾਰਟੀ ਮੋਹਾਲੀ ਨੂੰ ਨੋਡਲ ਏਜੰਸੀ ਵਜੋਂ ਮਨੋਨੀਤ ਕਰਦੇ ਹੋਏ ਉਨ੍ਹਾਂ ਨੂੰ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਥਾਨਕ ਸੰਸਥਾਵਾਂ ਦੁਆਰਾ ਦੇਖੇ ਜਾਣ ਵਾਲੇ ਸ਼ਹਿਰੀ ਖੇਤਰਾਂ ਤੋਂ ਇਲਾਵਾ ਦਿਹਾਤੀ ਅਧਿਕਾਰੀਆਂ ਦੀ ਮਦਦ ਲੈ ਸਕਦੇ ਹਨ। ਉਨ੍ਹਾਂ ਮਨਰੇਗਾ ਦੀ ਮਾਨਵੀ ਸ਼ਕਤੀ ਭੰਗ ਨੂੰ ਹਟਾਉਣ ਲਈ ਜੰਗਲਾਤ ਵਿਭਾਗ ਦੇ ਸਹਿਯੋਗ ਲਈ ਉਪਲਬਧ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਵਰਤੋਂ ਚ ਲਿਆਉਣ ਲਈ ਆਖਿਆ।

ਇਸ ਮੌਕੇ ਏ ਡੀ ਸੀ (ਜ) ਰਾਜੀਵ ਐਸ ਤਿੜਕੇ, ਕਮਿਸ਼ਨਰ ਐਮ ਸੀ ਮੁਹਾਲੀ ਨਵਜੋਤ ਕੌਰ, ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ, ਏਡੀਸੀ (ਡ) ਸੋਨਮ ਚੌਧਰੀ, ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਅਮਰਿੰਦਰ ਸਿੰਘ ਟਿਵਾਣਾ, ਸਿਵਲ ਸਰਜਨ ਡਾ: ਦਵਿੰਦਰ ਕੁਮਾਰ, ਜ਼ੋਨਲ ਲਾਇਸੈਂਸਿੰਗ ਅਥਾਰਟੀ ਕਮਲ ਕੰਬੋਜ ਆਦਿ ਅਧਿਕਾਰੀ ਹਾਜ਼ਰ ਸਨ।

Scroll to Top