ਐਸ.ਏ.ਐਸ.ਨਗਰ, 18 ਅਗਸਤ, 2023: ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਮੋਹਾਲੀ, ਨਵਾਂਸ਼ਹਿਰ, ਰੂਪਨਗਰ ਅਤੇ ਹੁਸ਼ਿਆਰਪੁਰ ਨੂੰ ਨਿਕਸ਼ਯ ਮਿੱਤਰਾ ਵਜੋਂ ਅਪਣਾ ਕੇ ਟੀਬੀ ਦੇ ਖਾਤਮੇ ਵੱਲ ਚੁੱਕੇ ਗਏ ਕਦਮ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ, “ਟੀਬੀ (TB) ਦੇ ਖਾਤਮੇ ਅਤੇ ਇਸ ਨੂੰ ਘਟਾਉਣ ਲਈ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਹਸਪਤਾਲਾਂ ਦੇ ਠੋਸ ਉਪਰਾਲਿਆਂ ਦੀ ਲੋੜ ਹੈ ਤਾਂ ਜੋ ਸਮਾਜਿਕ ਤੌਰ ਤੇ ਵੀ ਮਾੜੀ ਮੰਨੀ ਜਾਂਦੀ ਟੀ ਬੀ ਦੀ ਬਿਮਾਰੀ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ।”
ਡਿਪਟੀ ਕਮਿਸ਼ਨਰ ਨੇ ਫੋਰਟਿਸ ਹਸਪਤਾਲ ਦੇ ਬਿਜ਼ਨਸ ਹੈੱਡ-ਪੰਜਾਬ, ਅਸ਼ੀਸ਼ ਭਾਟੀਆ,l ਅਤੇ ਮੈਡੀਕਲ ਡਾਇਰੈਕਟਰ, ਡਾ: ਵਿਕਰਮਜੀਤ ਸਿੰਘ ਧਾਲੀਵਾਲ ਦੇ ਨਾਲ ਫੇਸ 6 ਦੇ ਸਰਕਾਰੀ ਹਸਪਤਾਲ ਦੇ ਟੀ.ਬੀ. ((TB)) ਦੇ ਮਰੀਜਾਂ ਨੂੰ ਪੋਸ਼ਣ ਕਿੱਟਾਂ ਵੰਡਦੇ ਹੋਏ ਕਿਹਾ ਕਿ ਫੋਰਟਿਸ ਹਸਪਤਾਲ ਵਲੋਂ ਨਿਕਸ਼ੇ ਮਿੱਤਰਾ ਵਜੋਂ ਨਿਭਾਈ ਜਾ ਰਹੀ ਸਮਾਜਿਕ ਜ਼ਿੰਮੇਵਾਰੀ ਸ਼ਲਾਘਾ ਯੋਗ ਹੈ। ਰੋਗੀਆਂ ਲਈ ਸਿਹਤਮੰਦ ਖੁਰਾਕ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਫਾਇਦੇਮੰਦ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਖਾਤਮਾ ਮਰੀਜ਼ਾਂ ਨੂੰ ਗੋਦ ਲੈਣ ਅਤੇ ਸਮਾਜ ਦੇ ਸਹਿਯੋਗ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਵੀ ਟੀਬੀ ਦੇ ਮਰੀਜ਼ਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਬੋਲਦਿਆਂ ਭਾਟੀਆ ਨੇ ਕਿਹਾ, “ਇਸ ਕਦਮ ਨਾਲ ਤਪਦਿਕ ਤੋਂ ਪੀੜਤ ਮਰੀਜ਼ਾਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਇਸ ਬਿਮਾਰੀ ਨਾਲ ਲੜਨ ਲਈ ਲੋੜੀਂਦਾ ਪੋਸ਼ਣ ਮੁਹੱਈਆ ਹੋਵੇਗਾ। ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਇੱਕ ਸਿਹਤਮੰਦ ਇਮਿਊਨ ਸਿਸਟਮ ਲਈ ਜ਼ਰੂਰੀ ਹੈ ਅਤੇ ਇੱਕ ਮਰੀਜ਼ ਦੇ ਠੀਕ ਹੋਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਫੋਰਟਿਸ ਹੈਲਥਕੇਅਰ ਟੀ ਬੀ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਪੰਜਾਬ, ਹਰਿਆਣਾ, ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਰਾਜਾਂ ਵਿੱਚ ਭਾਈਵਾਲੀ ਕਰ ਰਿਹਾ ਹੈ।
ਮੋਹਾਲੀ ਦੇ ਸਿਵਲ ਸਰਜਨ ਡਾ. ਮਹੇਸ਼ ਆਹੂਜਾ ਨੇ ਕਿਹਾ, “ਇਹ ਫੋਰਟਿਸ ਹਸਪਤਾਲ ਮੋਹਾਲੀ ਦੁਆਰਾ ਕੀਤਾ ਗਿਆ ਇੱਕ ਵਧੀਆ ਉਪਰਾਲਾ ਹੈ। ਪ੍ਰੋਗਰਾਮ ਦੇ ਡਿਜ਼ਾਈਨ ਦੇ ਅਨੁਸਾਰ, ਟੀਬੀ ਦੇ ਮਰੀਜ਼ਾਂ ਨੂੰ ਛੇ ਮਹੀਨਿਆਂ ਦੀ ਮਿਆਦ ਲਈ ਪੋਸ਼ਣ ਸੰਬੰਧੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇੱਕ ਸੰਤੁਲਿਤ ਖੁਰਾਕ ਬਿਮਾਰੀ ਦਾ ਮੁਕਾਬਲਾ ਕਰਨ ਵਿੱਚ ਬਹੁਤ ਚੰਗਾ ਕੰਮ ਕਰਦੀ ਹੈ।”