ਚੰਡੀਗੜ੍ਹ, 06 ਮਾਰਚ 2025: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ਦੇ ਲਾਹੌਰ ‘ਚ ਖੇਡੇ ਦੂਜੇ ਸੈਮੀਫਾਈਨਲ ਮੈਚ ‘ਚ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 50 ਦੌੜਾਂ ਨਾਲ ਮਾਤ ਦੇ ਦਿੱਤੀ | ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ |
ਸੈਮੀਫਾਈਨਲ ਮੈਚ ‘ਚ ਮੈਚ ‘ਚ ਦੱਖਣੀ ਅਫਰੀਕਾ ਦੇ ਵਿਸਫੋਟਕ ਬੱਲੇਬਾਜ਼ ਡੇਵਿਡ ਮਿਲਰ (David Miller) ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਸੈਂਕੜਾ ਜੜਿਆ ਹੈ | ਪਰ ਡੇਵਿਡ ਮਿਲਰ ਦਾ ਸੈਂਕੜਾ ਦੱਖਣੀ ਅਫਰੀਕਾ ਨੂੰ ਜਿੱਤ ਨਹੀਂ ਦਿਵਾ ਸਕਿਆ |
ਇਸ ਮੈਚ ਡੇਵਿਡ ਮਿਲਰ (David Miller) ਨੇ 67 ਗੇਂਦਾਂ ਵਿੱਚ 100 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਹ ਮਿਲਰ ਦੇ ਵਨਡੇ ਕਰੀਅਰ ਦਾ ਸੱਤਵਾਂ ਸੈਂਕੜਾ ਹੈ। ਇਸ ਦੌਰਾਨ ਮਿਲਰ ਨੇ 149.25 ਦੇ ਸਟ੍ਰਾਈਕ ਰੇਟ ਨਾਲ 10 ਚੌਕੇ ਅਤੇ ਚਾਰ ਛੱਕੇ ਜੜੇ । ਇਸ ਦੇ ਨਾਲ ਹੀ ਮਿਲਰ ਚੈਂਪੀਅਨਜ਼ ਟਰਾਫੀ ‘ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ । ਮਿਲਰ ਨੇ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਸਹਿਵਾਗ ਨੇ ਇੰਗਲੈਂਡ ਵਿਰੁੱਧ 77 ਗੇਂਦਾਂ ਵਿੱਚ ਸੈਂਕੜਾ ਜੜਿਆ ਸੀ।
ਦੂਜੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਰਚਿਨ ਰਵਿੰਦਰ ਅਤੇ ਕੇਨ ਵਿਲੀਅਮਸਨ ਦੇ ਸੈਂਕੜਿਆਂ ਦੀ ਬਦੌਲਤ 50 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 362 ਦੌੜਾਂ ਬਣਾਈਆਂ।
ਇਹ ਚੈਂਪੀਅਨਜ਼ ਟਰਾਫੀ ਦੀ ਪਹਿਲੀ ਪਾਰੀ ਦਾ ਸਭ ਤੋਂ ਵੱਡਾ ਸਕੋਰ ਹੈ। ਜਵਾਬ ‘ਚ ਦੱਖਣੀ ਅਫਰੀਕਾ ਨਿਰਧਾਰਤ ਓਵਰਾਂ ਵਿੱਚ ਨੌਂ ਵਿਕਟਾਂ ਗੁਆ ਕੇ 312 ਦੌੜਾਂ ਹੀ ਬਣਾ ਸਕਿਆ। ਕੀਵੀਆਂ ਲਈ ਮਿਸ਼ੇਲ ਸੈਂਟਨਰ ਨੇ ਤਿੰਨ ਵਿਕਟਾਂ ਲਈਆਂ ਜਦੋਂ ਕਿ ਮੈਟ ਹੈਨਰੀ ਅਤੇ ਗਲੇਨ ਫਿਲਿਪਸ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਾਈਕਲ ਬ੍ਰੇਸਵੈੱਲ ਅਤੇ ਰਚਿਨ ਰਵਿੰਦਰ ਨੂੰ ਇੱਕ-ਇੱਕ ਵਿਕਟ ਮਿਲੀ ਹੈ | ਹੁਣ ਨਿਊਜ਼ੀਲੈਂਡ ਦੀ ਟੀਮ 9 ਮਾਰਚ ਨੂੰ ਭਾਰਤ ਨੂੰ ਨਾਲ ਫਾਈਨਲ ਮੁਕਾਬਲਾ ਖੇਡੇਗੀ |
Read More: SA vs NZ Semi-Final: ਚੈਂਪੀਅਨਜ਼ ਟਰਾਫੀ ਦੇ ਇਤਿਹਾਸ ‘ਚ ਨਿਊਜ਼ੀਲੈਂਡ ਨੇ ਬਣਾਇਆ ਸਭ ਤੋਂ ਵੱਡਾ ਸਕੋਰ