Haryana

Haryana News: ਹਰਿਆਣਾ ‘ਚ ਨਵੀਂ BJP ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਖ਼ ਤੈਅ

ਚੰਡੀਗੜ੍ਹ, 11 ਅਕਤੂਬਰ 2024: ਹਰਿਆਣਾ (Haryana) ਵਿਧਾਨ ਸਭਾ ਚੋਣਾਂ 2024 ‘ਚ ਭਾਜਪਾ (BJP) ਨੇ ਪੂਰਨ ਬਹੁਮਤ ਹਾਸਲ ਕੀਤਾ ਹੈ | ਭਾਜਪਾ ਨੇ ਵਿਧਾਨ ਸਭਾ ਚੋਣਾਂ 2024 ‘ਚ 90 ਚੋਂ 48 ਸੀਟਾਂ ਜਿੱਤੀਆਂ ਹਨ | ਹਰਿਆਣਾ ‘ਚ ਸਰਕਾਰ ਬਣਾਉਣ ਲਈ 46 ਸੀਟਾਂ ਦੀ ਜਰੂਰਤ ਸੀ |

ਹਰਿਆਣਾ (Haryana) ‘ਚ ਨਵੀਂ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 15 ਅਕਤੂਬਰ ਨੂੰ ਪੰਚਕੂਲਾ ‘ਚ ਹੋਵੇਗਾ। ਸਮਾਗਮ ਦੀ ਤਿਆਰੀ ਲਈ ਸੂਬੇ ਦੇ ਮੁੱਖ ਸਕੱਤਰ ਨੇ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸਹੁੰ ਚੁੱਕ ਸਮਾਗਮ ‘ਚ ਪੀਐਮ ਮੋਦੀ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਨਾਇਬ ਸੈਣੀ ਦਾ ਮੁੱਖ ਮੰਤਰੀ ਬਣਨਾ ਤੈਅ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਨਾਲ 10 ਤੋਂ 11 ਮੰਤਰੀ ਵੀ ਸਹੁੰ ਚੁੱਕ ਸਕਦੇ ਹਨ।

ਹਰਿਆਣਾ ਦੇ ਅਗਲੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੋਈ ਹੋ ਸਕਦੇ ਹਨ। ਪੀਐਮ ਮੋਦੀ ਅਤੇ ਅਮਿਤ ਸ਼ਾਹ ਨੇ ਆਪਣੀਆਂ ਰੈਲੀਆਂ ‘ਚ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਦਾ ਚਿਹਰਾ ਦੱਸਿਆ ਹੈ। ਅਜਿਹੇ ‘ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕੋਈ ਸਸਪੈਂਸ ਦਿਖਦਾ ਨਜ਼ਰ ਨਹੀਂ ਆ ਰਿਹਾ ਹੈ। ਹਾਲਾਂਕਿ ਡਿਪਟੀ ਸੀਐਮ ਦੇ ਫਾਰਮੂਲੇ ਨੂੰ ਲੈ ਕੇ ਪਾਰਟੀ ਅੰਦਰ ਚਰਚਾ ਸ਼ੁਰੂ ਹੋ ਗਈ ਹੈ।

ਭਾਜਪਾ (BJP) ਬਹੁਮਤ ‘ਚ ਹੈ ਹਾਲਾਂਕਿ ਤਿੰਨ ਆਜ਼ਾਦ ਵਿਧਾਇਕਾਂ ਸਾਵਿਤਰੀ ਜਿੰਦਲ, ਦੇਵੇਂਦਰ ਕਾਦਿਆਨ ਅਤੇ ਰਾਜੇਸ਼ ਜੂਨ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਦੇ ਹੱਕ ‘ਚ ਹੁਣ 51 ਵਿਧਾਇਕ ਹੋ ਗਏ ਹਨ। ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਵਾਲੇ ਤਿੰਨ ਆਜ਼ਾਦ ਵਿਧਾਇਕਾਂ ‘ਚੋਂ ਕਿਸੇ ਇੱਕ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।

ਪਿਛਲੀ ਸੈਣੀ ਸਰਕਾਰ ਦੇ 9 ਦੇ ਕਰੀਬ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਚੋਣਾਂ ਹਾਰ ਚੁੱਕੇ ਹਨ। ਅਜਿਹੇ ‘ਚ ਨਵੀਂ ਸਰਕਾਰ ‘ਚ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਮਰਹੂਮ ਬੰਸੀਲਾਲ ਦੀ ਪੋਤੀ ਸ਼ਰੁਤੀ ਚੌਧਰੀ ਦਾ ਮੰਤਰੀ ਮੰਡਲ ‘ਚ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ।

ਪਾਰਟੀਆਂ ਨੂੰ ਪਈਆਂ ਵੋਟਾਂ ਦੇ ਅੰਕੜਿਆਂ ‘ਤੇ ਇੱਕ ਨਜ਼ਰ :-

ਭਾਜਪਾ: 55 ਲੱਖ 48 ਹਜ਼ਾਰ 800 ਵੋਟਾਂ (39.94%)
ਕਾਂਗਰਸ: 54 ਲੱਖ 30 ਹਜ਼ਾਰ 602 ਵੋਟਾਂ (39.09%)
ਇਨੈਲੋ: 05 ਲੱਖ 75 ਹਜ਼ਾਰ 192 ਵੋਟਾਂ (4.14%)
ਆਪ: 2 ਲੱਖ 48 ਹਜ਼ਾਰ 455 ਵੋਟਾਂ (1.79%)

ਭਾਜਪਾ ਦਾ 15 ਸਾਲਾਂ ‘ਚ ਵਧਿਆ ਗ੍ਰਾਫ

ਭਾਜਪਾ ਨੇ ਪਿਛਲੇ ਸਾਲ ਹਰਿਆਣਾ (Haryana) ਨੂੰ ਆਪਣਾ ਗੜ੍ਹ ਬਣਾ ਲਿਆ ਹੈ। ਗੁਜਰਾਤ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹਰਿਆਣਾ ਤੀਜਾ ਅਜਿਹਾ ਸੂਬਾ ਹੈ, ਜਿੱਥੇ ਭਾਜਪਾ ਨੇ ਆਪਣੀ ਸਥਿਤੀ ਕਾਫ਼ੀ ਮਜ਼ਬੂਤ ​​ਕੀਤੀ ਹੈ।

Scroll to Top