Sri Kartarpur Sahib

ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਨੇੜੇ ਬਣੇਗਾ ‘ਦਰਸ਼ਨ ਰਿਜੋਰਟ’, ਅਗਲੇ ਮਹੀਨੇ ਸ਼ੁਰੂ ਹੋਵੇਗਾ ਨਿਰਮਾਣ

ਚੰਡੀਗੜ੍ਹ, 19 ਦਸੰਬਰ 2023: ਪਾਕਿਸਤਾਨ ਦੀ ਪੰਜਾਬ ਰਾਜ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਨੇੜੇ ਇੱਕ ”ਦਰਸ਼ਨ ਰਿਜ਼ੋਰਟ” ਬਣਾਉਣ ਜਾ ਰਹੀ ਹੈ, ਜਿਸ ਰਾਹੀਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਿੱਖ ਸ਼ਰਧਾਲੂ ਇੱਥੇ ਆ ਕੇ ਠਹਿਰ ਸਕਣਗੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਸਕਣਗੇ। ਪਾਕਿਸਤਾਨ ਇਸ ਨੂੰ ਬਣਾਉਣ ਲਈ 30 ਕਰੋੜ ਪਾਕਿਸਤਾਨੀ ਰੁਪਏ ਖਰਚ ਕਰੇਗਾ ਅਤੇ ਇਹ 5 ਮੰਜ਼ਿਲਾ ਇਮਾਰਤ ਹੋਵੇਗੀ।

ਪਾਕਿਸਤਾਨ ਪੰਜਾਬ ਦੇ ਸੈਰ-ਸਪਾਟਾ ਸਕੱਤਰ ਰਾਜਾ ਜਹਾਂਗੀਰ ਅਨਵਰ ਨੇ ਪਾਕਿਸਤਾਨੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 300 ਮਿਲੀਅਨ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਪੰਜ ਮੰਜ਼ਿਲਾ ਦਰਸ਼ਨ ਰਿਜ਼ੋਰਟ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ। ਇਹ ਪ੍ਰੋਜੈਕਟ ਦੁਨੀਆ ਭਰ ਤੋਂ ਆਉਣ ਵਾਲੇ ਸਿੱਖਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।

ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਦਰਬਾਰ ਸਾਹਿਬ (Sri Kartarpur Sahib) ਤੋਂ ਮਹਿਜ਼ 500 ਮੀਟਰ ਦੀ ਦੂਰੀ ’ਤੇ ਬਣਾਇਆ ਜਾਵੇਗਾ। ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਇਸ ਪ੍ਰੋਜੈਕਟ ਨੂੰ 2024 ਦੇ ਅੰਤ ਤੱਕ ਇੱਕ ਸਾਲ ਦੇ ਅੰਦਰ ਪੂਰਾ ਕਰਨ ਦਾ ਟੀਚਾ ਹੈ। ਇਸ ਪੂਰੇ ਪ੍ਰੋਜੈਕਟ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਫੰਡ ਦਿੱਤੇ ਜਾਣਗੇ।

ਸਕੱਤਰ ਨੇ ਦੱਸਿਆ ਕਿ ਇਸ ਰਿਜ਼ੋਰਟ ਵਿੱਚ ਇੱਕ ਮਿੰਨੀ ਸਿਨੇਮਾ, ਇੱਕ ਜਿੰਮ ਅਤੇ ਘੱਟੋ-ਘੱਟ 10 ਸੂਟ ਰੂਮ ਹੋਣਗੇ। ਇਸ ਰਿਜ਼ੋਰਟ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਦ੍ਰਿਸ਼ ਵੀ ਦੇਖਿਆ ਜਾ ਸਕੇਗਾ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਪੰਜਾਬ ਸੈਰ ਸਪਾਟਾ ਵਿਭਾਗ ਨੂੰ 50 ਕਮਰਿਆਂ ਵਾਲਾ ਦਰਸ਼ਨ ਰਿਜ਼ੋਰਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਕਰਤਾਰਪੁਰ ਲਾਂਘਾ 2019 ਵਿੱਚ ਖੋਲ੍ਹਿਆ ਗਿਆ ਸੀ ਅਤੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਦਾ ਹੈ।

Scroll to Top