ਚੰਡੀਗੜ੍ਹ, 3 ਜਨਵਰੀ 2024: 1 ਜਨਵਰੀ ਨੂੰ ਜਾਪਾਨ (Japan) ਵਿੱਚ ਆਏ 7.6 ਤੀਬਰਤਾ ਦੇ ਭੂਚਾਲ ਤੋਂ ਬਾਅਦ ਜ਼ਮੀਨ ਖਿਸਕਣ ਦਾ ਖ਼ਤਰਾ ਵੱਧ ਗਿਆ ਹੈ। ‘ਦਿ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਜਾਪਾਨ ਦੇ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਭੂਚਾਲ ਨਾਲ ਕਈ ਸੜਕਾਂ ਅਤੇ ਇਮਾਰਤਾਂ ਤਬਾਹ ਹੋ ਗਈਆਂ ਹਨ। ਅਜਿਹੇ ‘ਚ ਮੀਂਹ ਕਾਰਨ ਮਲਬਾ ਨੀਵੇਂ ਇਲਾਕਿਆਂ ‘ਚ ਵਹਿ ਸਕਦਾ ਹੈ। ਜਿਸ ਕਾਰਨ ਢਿੱਗਾਂ ਡਿੱਗ ਸਕਦੀਆਂ ਹਨ।
ਇਸ਼ੀਕਾਵਾ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਆਏ ਭੂਚਾਲ ਕਾਰਨ ਸੁਨਾਮੀ ਆਈ ਸੀ। ਵਾਜਿਮਾ ਕਸਬੇ ਵਿੱਚ ਲਗਭਗ 4 ਫੁੱਟ ਉੱਚੀਆਂ (1.2 ਮੀਟਰ) ਲਹਿਰਾਂ ਦੀ ਸੂਚਨਾ ਮਿਲੀ ਹੈ। ਹਾਲਾਂਕਿ, 1 ਜਨਵਰੀ ਦੀ ਸ਼ਾਮ ਨੂੰ, ਸਰਕਾਰ ਨੇ ਸੁਨਾਮੀ ਦੀ ਚਿਤਾਵਨੀ ਵਾਪਸ ਲੈ ਲਈ। ਇਸ ਦੇ ਨਾਲ ਹੀ ਭੂਚਾਲ ਕਾਰਨ ਹੁਣ ਤੱਕ 64 ਜਣਿਆਂ ਦੀ ਮੌਤ ਹੋ ਚੁੱਕੀ ਹੈ।
‘ਦਿ ਗਾਰਡੀਅਨ’ ਨੇ ਜਾਪਾਨੀ (Japan) ਮੌਸਮ ਵਿਭਾਗ ਦੇ ਹਵਾਲੇ ਨਾਲ ਕਿਹਾ ਕਿ ਬੁੱਧਵਾਰ ਸਵੇਰ ਤੱਕ 400 ਝਟਕੇ ਦਰਜ ਕੀਤੇ ਗਏ ਸਨ। ਇਸ ਦੌਰਾਨ ਕੁਝ ਸੈਟੇਲਾਈਟ ਫੋਟੋਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚ ਭੂਚਾਲ ਕਾਰਨ ਹੋਈ ਤਬਾਹੀ ਦੇਖਣ ਨੂੰ ਮਿਲਦੀ ਹੈ।