ਐਸ.ਏ.ਐਸ. ਨਗਰ, 18 ਜੁਲਾਈ 2023: ਹੜ੍ਹਾਂ (floods) ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਹੋਏ ਨੁਕਸਾਨ ਦੇ ਮੱਦੇਨਜ਼ਰ ਟੁੱਟੀਆਂ ਸੜਕਾਂ ਤੇ ਵਾਟਰ ਸਪਲਾਈ ਪਾਈਪਾਂ ਦੀ ਮੁਰੰਮਤ ਲਈ ਸਟੇਟ ਡਿਜ਼ਾਸਟਰ ਰਿਲੀਫ਼ ਫੰਡ ਵਿੱਚੋਂ 01 ਕਰੋੜ ਸੜਕਾਂ ਲਈ ਅਤੇ 50 ਲੱਖ ਰੁਪਏ ਵਾਟਰ ਸਪਲਾਈ ਪਾਈਪਾਂ ਲਈ ਫੰਡ ਪ੍ਰਾਪਤ ਹੋ ਗਏ ਹਨ। ਇਸ ਲਈ ਫੌਰੀ ਤੌਰ ਉਤੇ ਅਤਿ ਜ਼ਰੂਰੀ ਸੜਕਾਂ ਤੇ ਵਾਟਰ ਸਪਲਾਈ ਪਾਈਪਾਂ ਦੀ ਮੁਰੰਮਤ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਅਤਿ ਜ਼ਰੂਰੀ ਸੜਕਾਂ ਦੀ ਪਛਾਣ ਕਰ ਕੇ ਪਹਿਲ ਦੇ ਆਧਾਰ ਉਤੇ ਉਨ੍ਹਾਂ ਸਬੰਧੀ ਐਸਟੀਮੇਟ ਤਿਆਰ ਕਰ ਕੇ ਐਸ.ਡੀ.ਐਮਜ਼ ਦੀ ਪ੍ਰਵਾਨਗੀ ਨਾਲ ਅਗਲੇਰੀ ਪ੍ਰਵਾਨਗੀ ਲਈ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਿਆ ਜਾਵੇ। ਇਸੇ ਤਰ੍ਹਾਂ ਵਾਟਰ ਸਪਲਾਈ ਪਾਈਲਾਈਨਜ਼ ਦੀ ਮੁਰੰਮਤ ਹਿਤ ਵੀ ਐਸ.ਡੀ.ਐਮਜ਼ ਨਾਲ ਰਾਬਤਾ ਕਰ ਕੇ ਐਸਟੀਮੇਟ ਤਿਆਰ ਕਰ ਕੇ ਉਨ੍ਹਾਂ ਦੇ ਦਫ਼ਤਰ ਘੱਲੇ ਜਾਣ ਤਾਂ ਜੋ ਇਹ ਕਾਰਜ ਫੌਰੀ ਕਰਵਾਏ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕੀਤੀ ਜਾਣ ਵਾਲੇ ਕਾਰਜਾਂ ਦੀ ਸੂਚੀ ਬਣਾ ਕੇ ਉਨ੍ਹਾਂ ਨੂੰ ਮਗਨਰੇਗਾ ਤਹਿਤ ਕਨਵਰਜੈਂਸ ਦੇ ਅਧਾਰ ਉਤੇ ਕਰਵਾਇਆ ਜਾਵੇ ਤਾਂ ਜੋ ਜਲਦ ਤੋਂ ਜਲਦ ਵੱਧ ਤੋਂ ਵੱਧ ਕੰਮ ਸਿਰੇ ਚੜ੍ਹ ਸਕਣ ਤੇ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਾਰਟ ਟਰਮ ‘ਤੇ ਹੋਣ ਵਾਲੇ ਇਨ੍ਹਾਂ ਕਾਰਜਾਂ ਦੀ ਗੁਣਵੱਤਾ ਤੇ ਫੰਡਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾਵੇ। ਇਨ੍ਹਾਂ ਕਾਰਜਾਂ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਸਟੀਮੇਟ ਜਲਦ ਤੋਂ ਜਲਦ ਦਿੱਤੇ ਜਾਣ ਜੇਕਰ ਮੁਰੰਮਤ ਕਾਰਜਾਂ ਲਈ ਜਾਰੀ ਫੰਡਾਂ ਤੋਂ ਵੱਧ ਫੰਡਾਂ ਦੀ ਲੋੜ ਹੈ ਤਾਂ ਉਹ ਦੱਸਿਆ ਜਾਵੇ ਤਾਂ ਜੋ ਸਰਕਾਰ ਤੋਂ ਹੋਰ ਫੰਡਾਂ ਦੀ ਮੰਗ ਕੀਤੀ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਬੈਂਬੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਪਰਮਦੀਪ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਐਸ.ਡੀ.ਐਮ. ਮੋਹਾਲੀ ਸਰਬਜੀਤ ਕੌਰ, ਐਸ.ਡੀ.ਐਮ. ਡੇਰਾਬਸੀ ਹਿਮਾਂਸ਼ੂ ਗੁਪਤਾ, ਐਸ.ਡੀ.ਐਮ. ਖਰੜ ਸ.ਰਵਿੰਦਰ ਸਿੰਘ ਵਿਡੀਓ ਕਾਨਫਰੰਸ ਜ਼ਰੀਏ ਸ਼ਾਮਲ ਹੋਏ।