ਚੱਕਰਵਾਤ ਮੋਨਥਾ

ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਏਗਾ ਚੱਕਰਵਾਤ ਮੋਨਥਾ, NDRF ਟੀਮਾਂ ਤਾਇਨਾਤ

ਆਂਧਰਾ ਪ੍ਰਦੇਸ਼, 28 ਅਕਤੂਬਰ 2025: Cyclone Montha News: ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਚੱਕਰਵਾਤ ਮੋਨਥਾ ਅੱਜ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਏਗਾ। ਮੌਸਮ ਵਿਭਾਗ ਦੇ ਮੁਤਾਬਕ ਚੱਕਰਵਾਤ ਮੋਨਥਾ ਅੱਜ ਰਾਤ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਖੇਤਰ ‘ਚ ਟਕਰਾਏਗਾ। ਦੇਸ਼ ਭਰ ਦੇ ਕਈ ਤੱਟਵਰਤੀ ਸੂਬਿਆਂ ‘ਚ ਚੱਕਰਵਾਤ ਕਾਰਨ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਲਈ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ |

ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਚੱਕਰਵਾਤ ਮੋਨਥਾ ਨਾਲ ਨਜਿੱਠਣ ਲਈ ਰਾਜ ਦੀ ਤਿਆਰੀ ਦਾ ਜਾਇਜ਼ਾ ਲਿਆ। ਮੌਸਮ ਵਿਭਾਗ, ਭੁਵਨੇਸ਼ਵਰ ਦੇ ਡਾਇਰੈਕਟਰ ਡਾ. ਮਨੋਰਮਾ ਮੋਹੰਤੀ ਨੇ ਕਿਹਾ, “ਮੋਨਥਾ ਹੁਣ ਪੱਛਮੀ ਮੱਧ ਬੰਗਾਲ ਦੀ ਖਾੜੀ ਉੱਤੇ ਸਥਿਤ ਹੈ, ਗੋਪਾਲਪੁਰ ਤੋਂ ਲਗਭਗ 550 ਕਿਲੋਮੀਟਰ ਦੱਖਣ-ਦੱਖਣ-ਪੱਛਮ ‘ਚ ਹੈ। ਇਹ ਅੱਜ ਇੱਕ ਗੰਭੀਰ ਚੱਕਰਵਾਤੀ ਤੂਫਾਨ ‘ਚ ਤੇਜ਼ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਜਾਂ ਰਾਤ ਦੌਰਾਨ ਕਾਕੀਨਾਡਾ ਦੇ ਨੇੜੇ ਮਛਲੀਪਟਨਮ ਅਤੇ ਕਲਿੰਗਾਪਟਨਮ ਦੇ ਵਿਚਕਾਰ ਆਂਧਰਾ ਪ੍ਰਦੇਸ਼ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ।”

ਆਂਧਰਾ ਪ੍ਰਦੇਸ਼ ‘ਚ ਐਨਡੀਆਰਐਫ ਟੀਮਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ। ਚੱਕਰਵਾਤ ਦੇ ਖ਼ਤਰੇ ਕਾਰਨ ਵਿਸ਼ਾਖਾਪਟਨਮ ਤੋਂ ਰਵਾਨਾ ਹੋਣ ਵਾਲੀਆਂ ਲਗਭਗ 43 ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇੰਡੀਗੋ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਵੀ ਵਿਸ਼ਾਖਾਪਟਨਮ ਰਾਹੀਂ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੋਮਵਾਰ ਨੂੰ, ਦਿੱਲੀ-ਵਿਜ਼ਾਗ ਉਡਾਣ ਨੂੰ ਭੁਵਨੇਸ਼ਵਰ ਵੱਲ ਮੋੜ ਦਿੱਤਾ ਗਿਆ ਸੀ। ਵਿਜੇਵਾੜਾ ਹਵਾਈ ਅੱਡੇ ‘ਤੇ ਕਈ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

Read More: ਪੰਜਾਬ ‘ਚ ਦਸੰਬਰ ਮਹੀਨੇ ਚੱਲੇਗੀ ਸੀਤ ਲਹਿਰ, ਮੌਸਮ ਵਿਭਾਗ ਦੀ ਭਵਿੱਖਬਾਣੀ

Scroll to Top