ਚੰਡੀਗੜ੍ਹ,10 ਜੂਨ 2023: ਅਰਬ ਸਾਗਰ ਵਿੱਚ ਆਉਣ ਵਾਲੇ ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਅਗਲੇ 24 ਘੰਟਿਆਂ ਵਿੱਚ ਹੋਰ ਖ਼ਤਰਨਾਕ ਬਣਨ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਅਰਬ ਸਾਗਰ ‘ਚ ਉੱਤਰ-ਉੱਤਰ-ਪੂਰਬ ਵੱਲ ਵਧ ਰਿਹਾ ਹੈ। ਇਸ ਦੇ ਐਤਵਾਰ ਜਾਂ ਸੋਮਵਾਰ ਤੱਕ ਗੁਜਰਾਤ ਪਹੁੰਚਣ ਦੀ ਸੰਭਾਵਨਾ ਹੈ। 10 ਤੋਂ 12 ਜੂਨ ਤੱਕ 80 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਇਸ ਕਾਰਨ IMD ਨੇ ਗੁਜਰਾਤ, ਕੇਰਲ, ਕਰਨਾਟਕ ਅਤੇ ਲਕਸ਼ਦੀਪ ਦੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਗੁਜਰਾਤ ਦੇ ਵਲਸਾਡ ਦੇ ਤਿਥਲ ਬੀਚ ਨੂੰ 14 ਜੂਨ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਰਨਾਟਕ, ਗੋਆ ਅਤੇ ਮਹਾਰਾਸ਼ਟਰ ‘ਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਫਿਲਹਾਲ ਬਿਪਰਜੋਏ ਤੂਫਾਨ ਗੁਜਰਾਤ ਦੇ ਪੋਰਬੰਦਰ ਤੋਂ 640 ਕਿਲੋਮੀਟਰ ਦੱਖਣ-ਪੱਛਮ ਵੱਲ ਕੇਂਦਰਿਤ ਹੈ। ਤੂਫਾਨ ਦੇ ਐਤਵਾਰ ਜਾਂ ਸੋਮਵਾਰ ਤੱਕ ਦੱਖਣੀ ਗੁਜਰਾਤ ਪਹੁੰਚਣ ਦੀ ਸੰਭਾਵਨਾ ਹੈ। ਇਸ ਕਾਰਨ ਮਛੇਰਿਆਂ ਨੂੰ ਤੱਟ ‘ਤੇ ਪਰਤਣ ਲਈ ਕਿਹਾ ਗਿਆ ਹੈ ਅਤੇ ਸਾਰੀਆਂ ਬੰਦਰਗਾਹਾਂ ਨੂੰ ਸੰਕਟ ਦੀ ਚਿਤਾਵਨੀ ਦੇ ਸੰਕੇਤ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।