ਚੰਡੀਗੜ੍ਹ, 09 ਜਨਵਰੀ 2025: ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ (Cyber Crime) ਡਿਵੀਜ਼ਨ ਨੇ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਭੁਗਤਾਨ ਸਬੰਧੀ ਧੋਖਾਧੜੀ ਦਾ ਪਰਦਾਫਾਸ਼ ਕਰਦਿਆਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਕਰਨ ਵਾਲੇ 4 ਜਣਿਆਂ ਨੂੰ ਕਾਬੂ ਕੀਤਾ ਹੈ |
ਪੁਲਿਸ ਮੁਤਾਬਕ ਫੜੇ ਗਏ ਉਕਤ ਮੁਲਜ਼ਮ ਕਿਸਾਨਾਂ ਨੂੰ ਕੀਤੀ ਫ਼ਸਲ ਦੀ ਅਦਾਇਗੀ ਨੂੰ ਆਪਣੇ ਖਾਤਿਆਂ ‘ਚ ਟਰਾਂਸਫਰ ਕਰਨ ਦੇ ਕੇਸ ‘ਚ ਸ਼ਾਮਲ ਸਨ। ਇਸ ਮਾਮਲੇ ‘ਚ ਗ੍ਰਿਫਤਾਰੀ ਸੰਬੰਧੀ ਜਾਣਕਾਰੀ ਏਡੀਜੀਪੀ ਸਾਈਬਰ ਕ੍ਰਾਈਮ ਡਿਵੀਜ਼ਨ ਵੀ. ਨੀਰਜਾ ਵੱਲੋਂ ਸਾਂਝੀ ਕੀਤੀ ਹੈ | ਪੁਲਿਸ ਮੁਤਾਬਕ ਫੜੇ ਗਏ ਵਿਅਕਤੀਆਂ ਦੀ ਪਛਾਣ ਅੰਗਰੇਜ ਸਿੰਘ, ਮਨੀਸ਼, ਜਸਵੀਰ ਸਿੰਘ ਅਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਇਸਦੇ ਨਾਲ ਹੀ ਪੁਲਿਸ ਨੇ ਧੋਖਾਧੜੀ ਕਰਨ ਲਈ ਵਰਤੇ ਗਏ ਡਿਜੀਟਲ ਉਪਕਰਨ ਅਤੇ ਰਾਊਟਰ ਵੀ ਬਰਾਮਦ ਕੀਤੇ ਹਨ |
ਇਸ ਬਾਰੇ ਏਡੀਜੀਪੀ ਵੀ ਨੀਰਜਾ ਨੇ ਕਿਹਾ ਕਿ ਮੁਲਜ਼ਮ ਅਤਿ-ਆਧੁਨਿਕ ਤਰੀਕਿਆਂ ਨਾਲ ਕਿਸਾਨਾਂ ਦੇ ਮੋਬਾਈਲ ਨੰਬਰਾਂ ਨੂੰ ਆਪਣੇ ਮੋਬਾਈਲ ਨੰਬਰਾਂ ਨਾਲ ਬਦਲ ਦਿੰਦੇ ਸਨ ਅਤੇ ਕਿਸਾਨਾਂ ਦੇ ਖਾਤਿਆਂ ‘ਚ ਆਉਣ ਵਾਲੀ ਫ਼ਸਲ ਦੀ ਅਦਾਇਗੀ ਨੂੰ ਧੋਖੇ ਨਾਲ ਆਪਣੇ ਖਾਤਿਆਂ ‘ਚ ਟਰਾਂਸਫ਼ਰ ਕਰ ਦਿੰਦੇ ਸਨ | ਇਸਤੋਂ ਬਾਅਦ ਕੰਮ ਹੋਣ ਤੋਂ ਬਾਅਦ ਕਿਸਾਨਾਂ ਦੇ ਬੈਂਕ ਖਾਤੇ ਦੀ ਜਾਣਕਾਰੀ ਨੂੰ ਅਪਡੇਟ ਕਰ ਦਿੱਤੀ ਜਾਂਦੀ ਸੀ | ਪੁਲਿਸ ਨੇ ਦੱਸਿਆ ਕਿ ਇਸ ਘਪਲੇ (Cyber Crime) ‘ਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
Read More: Kisan Andolan 2025: ਖਨੌਰੀ ਬਾਰਡਰ ’ਤੇ ਕਿਸਾਨੀ ਧਰਨੇ ’ਚ ਵੱਡਾ ਹਾਦਸਾ, ਫਟਿਆ ਲੱਕੜਾਂ ਦਾ ਗੀਜ਼ਰ