ਸਪੋਰਟਸ, 24 ਅਕਤੂਬਰ 2025: CWC Semi-finals 2025: ਮਹਿਲਾ ਵਨਡੇ ਵਿਸ਼ਵ ਕੱਪ 2025 ਦਾ ਗਰੁੱਪ ਪੜਾਅ ਹੁਣ ਆਪਣੇ ਆਖਰੀ ਪੜਾਅ ‘ਤੇ ਹੈ | ਇਸਦੇ ਨਾਲ ਮਹਿਲਾ ਵਨਡੇ ਵਿਸ਼ਵ ਕੱਪ 2025 ਦੀਆਂ ਚਾਰ ਟੀਮਾਂ ਸੈਮੀਫਾਈਨਲ ਲਈ ਨਿਰਧਾਰਤ ਹੋ ਗਈਆਂ ਹਨ। ਆਸਟ੍ਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਅਤੇ ਭਾਰਤ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੇ ਹਨ, ਜਦੋਂ ਕਿ ਨਿਊਜ਼ੀਲੈਂਡ, ਸ਼੍ਰੀਲੰਕਾ, ਪਾਕਿਸਤਾਨ ਅਤੇ ਬੰਗਲਾਦੇਸ਼ ਗਰੁੱਪ ਪੜਾਅ ਤੋਂ ਬਾਹਰ ਹੋ ਗਏ ਹਨ। ਭਾਰਤ ਨੇ ਵੀਰਵਾਰ ਨੂੰ ਨਿਊਜ਼ੀਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ।
ਭਾਰਤ ਨੇ ਨਿਊਜ਼ੀਲੈਂਡ ਨੂੰ 53 ਦੌੜਾਂ ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ 2025 ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਮੀਂਹ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਸ ਮਹੱਤਵਪੂਰਨ ਮੈਚ ‘ਚ ਵਿਘਨ ਪਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤੀ ਮਹਿਲਾ ਟੀਮ ਨੇ 49 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 340 ਦੌੜਾਂ ਬਣਾਈਆਂ।
ਇਸਦੇ ਜਵਾਬ ‘ਚ ਨਿਊਜ਼ੀਲੈਂਡ ਅੱਠ ਵਿਕਟਾਂ ‘ਤੇ ਸਿਰਫ਼ 271 ਦੌੜਾਂ ਹੀ ਬਣਾ ਸਕਿਆ। ਇਸ ਤਰ੍ਹਾਂ, ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਅੰਤ ‘ਚ ਜਿੱਤ ਪ੍ਰਾਪਤ ਕੀਤੀ। ਇਹ ਜਿੱਤ ਉਨ੍ਹਾਂ ਲਈ ਖਾਸ ਸੀ ਕਿਉਂਕਿ ਇਸ ਜਿੱਤ ਨਾਲ ਉਨ੍ਹਾਂ ਨੂੰ ਅੰਤਿਮ ਚਾਰ ‘ਚ ਪਹੁੰਚਣ ‘ਚ ਮੱਦਦ ਕੀਤੀ।
ਭਾਰਤ ਨੇ ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ ਹਰਾਇਆ ਅਤੇ ਫਿਰ ਕੱਟੜ ਵਿਰੋਧੀ ਪਾਕਿਸਤਾਨ ਨੂੰ ਹਰਾਇਆ। ਹਾਲਾਂਕਿ, ਉਨ੍ਹਾਂ ਨੂੰ ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤ ਦੇ ਰਾਹ ‘ਤੇ ਵਾਪਸ ਪਰਤਿਆ। ਭਾਰਤੀ ਮਹਿਲਾ ਟੀਮ ਨੇ ਆਪਣੇ ਛੇ ਮੈਚਾਂ ‘ਚੋਂ ਤਿੰਨ ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਟੀਮ ਇਸ ਸਮੇਂ ਛੇ ਅੰਕਾਂ ਅਤੇ +0.628 ਦੇ ਨੈੱਟ ਰਨ ਰੇਟ ਨਾਲ ਚੌਥੇ ਸਥਾਨ ‘ਤੇ ਹੈ।
ਪਹਿਲਾ ਸੈਮੀਫਾਈਨਲ 29 ਅਕਤੂਬਰ ਨੂੰ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ‘ਚ ਖੇਡਿਆ ਜਾਵੇਗਾ, ਜਦੋਂ ਕਿ ਦੂਜਾ ਸੈਮੀਫਾਈਨਲ 30 ਅਕਤੂਬਰ ਨੂੰ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਮਹਿਲਾ ਵਿਸ਼ਵ ਕੱਪ ਦਾ ਫਾਈਨਲ 2 ਨਵੰਬਰ ਨੂੰ ਹੋਵੇਗਾ, ਪਰ ਸਥਾਨ ਦਾ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ।
Read More: IND W ਬਨਾਮ NZ W: ਸਮ੍ਰਿਤੀ ਮੰਧਾਨਾ ਨੇ ਮਹਿਲਾ ਵਿਸ਼ਵ ਕੱਪ ‘ਚ ਜੜਿਆ ਤੀਜਾ ਸੈਂਕੜਾ




